ਕੌਮਾਂਤਰੀ ਜਲਯੁੱਧ ਦਾ ਵਧਿਆ ਖ਼ਤਰਾ, ਪੰਜ ਸੰਭਾਵਿਤ ਨਦੀਆਂ 'ਚ ਤਿੰਨ ਭਾਰਤ ਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਜ਼ਾ ਰੀਪੋਰਟ ਮੁਤਾਬਕ ਪਾਣੀ ਦੀ ਲੜਾਈ ਨੂੰ ਲੈ ਕੇ ਡੂੰਘੇ ਹੁੰਦੇ ਜਾ ਰਹੇ ਖ਼ਤਰੇ ਨੂੰ ਲੈ ਕੇ ਭਾਰਤ ਦੀ ਹਾਲਤ ਸੱਭ ਤੋਂ ਚਿੰਤਾਜਨਕ ਹੈ।

water shortage

ਨਵੀਂ ਦਿੱਲੀ : ਦੁਨੀਆਂ ਵਿਚ ਲਗਾਤਾਰ ਵੱਧ ਰਹੀ ਵਸੋਂ ਅਤੇ ਵਾਤਾਵਰਨ ਬਦਲਾਅ ਨੇ ਕੁਦਰਤੀ ਸਾਧਨਾਂ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿਤਾ ਹੈ। ਸੱਭ ਤੋਂ ਵੱਧ ਖ਼ਤਰਾ ਪਾਣੀ ਨੂੰ ਲੈ ਕੇ ਹੈ ਜੋ ਕਿ ਬਹੁਤ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ। ਬਹੁਤ ਸਾਰੇ ਮਾਹਿਰ ਇਸ ਗੱਲ ਕਹਿ ਚੁੱਕੇ ਹਨ ਕਿ ਅਗਲਾ ਵਿਸ਼ਵ ਯੁੱਧ ਪਾਣੀ ਨੂੰ ਲੈ ਕੇ ਹੋ ਸਕਦਾ ਹੈ।

ਹੁਣ ਇਕ ਤਾਜ਼ਾ ਰੀਪੋਰਟ ਮੁਤਾਬਕ ਪਾਣੀ ਦੀ ਲੜਾਈ ਨੂੰ ਲੈ ਕੇ ਡੂੰਘੇ ਹੁੰਦੇ ਜਾ ਰਹੇ ਖ਼ਤਰੇ ਨੂੰ ਲੈ ਕੇ ਭਾਰਤ ਦੀ ਹਾਲਤ ਸੱਭ ਤੋਂ ਚਿੰਤਾਜਨਕ ਹੈ। ਪਾਣੀ ਯਕੀਨੀ ਤੌਰ 'ਤੇ ਇਕ ਕੌਮਾਂਤਰੀ ਸਮੱਸਿਆ ਬਣ ਚੁੱਕਾ ਹੈ ਕਿਉਂਕਿ ਪਾਣੀ ਨੂੰ ਲੈ ਕੇ ਕਈਆਂ ਦੇਸ਼ਾਂ ਵਿਚ ਆਪਸੀ ਵਿਵਾਦ ਹੈ। ਭਾਰਤ ਵਿਚ ਵੀ ਦਿੱਲੀ-ਹਰਿਆਣਾ, ਪੰਜਾਬ-ਹਰਿਆਣਾ ਅਤੇ ਤਾਮਿਲਨਾਡੂ-ਕਰਨਾਟਕਾ ਸਮੇਤ

ਕਈ ਰਾਜਾਂ ਵਿਚ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਹੁੰਦਾ ਰਹਿੰਦਾ ਹੈ। ਪਾਣੀ ਦੀ ਵੰਡ ਨੂੰ ਲੈ ਕੇ ਭਾਰਤ ਦਾ ਗੁਆਂਡੀ ਦੇਸ਼ਾਂ ਪਾਕਿਸਤਾਨ, ਚੀਨ ਅਤੇ ਬੰਗਲਾਦੇਸ਼ ਨਾਲ ਵੀ ਲੰਮੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਸਰਕਾਰੀ ਪੱਧਰ 'ਤੇ ਪਾਣੀ ਦੀ ਸੰਭਾਲ ਨੂੰ ਲੈ ਕੇ ਕਈ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਕਰੋੜਾਂ ਰੁਪਏ ਹਰ ਸਾਲ ਇਹਨਾਂ ਪ੍ਰੋਜੈਕਟਾਂ 'ਤੇ ਖਰਚ ਕੀਤੇ ਜਾ ਰਹੇ ਹਨ। 

ਤਾਜ਼ਾ ਰੀਪੋਰਟ ਵਿਚ ਪਾਣੀ ਨੂੰ ਲੈ ਕੇ ਨੇੜਲੇ ਭਵਿੱਖ ਵਿਚ ਕੌਮਾਂਤਰੀ ਵਿਵਾਦ ਵਧਣ ਦਾ ਖ਼ਤਰਾ ਹੈ। ਇਸ ਰੀਪੋਰਟ ਵਿਚ ਪਾਣੀ ਦੀ ਲੜਾਈ ਲਈ ਕੌਮਾਂਤਰੀ ਪੱਧਰ 'ਤੇ ਪੰਜ ਨਦੀਆਂ ਦੀ ਗੱਲ ਕੀਤੀ ਗਈ ਹੈ ਜਿਹਨਾਂ ਵਿਚ ਤਿੰਨ ਭਾਰਤ ਦੀਆਂ ਹਨ। ਇਹ ਪੰਜ ਨਦੀਆਂ ਨੀਲ, ਗੰਗਾ-ਬ੍ਰਹਮਪੁੱਤਰ, ਸਿੰਧੂ, ਟਾਇਗ੍ਰਿਸ-ਯੂਫਰੇਟਸ ਅਤੇ ਕੋਲੋਰਾਡੋ ਹਨ।