ਪਾਣੀ ਨੂੰ ਲੈ ਕੇ ਵੱਧ ਸਕਦਾ ਹੈ ਭਾਰਤ-ਪਾਕਿਸਤਾਨ ਤਣਾਅ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਜ਼ਾ ਵਿਵਾਦ ਪਣਬਿਜਲੀ ਪ੍ਰੋਜੈਕਟਾਂ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਭਾਰਤ ਚਿਨਾਬ ਨਦੀ 'ਤੇ ਕੰਮ ਕਰ ਰਿਹਾ ਹੈ।

India Pakistan

ਨਵੀਂ ਦਿੱਲੀ : ਪਾਕਿਸਤਾਨ ਵਿਚ ਰੋਜ਼ਾਨਾ ਕਈ ਔਰਤਾਂ ਅਤੇ ਬੱਚਿਆਂ ਨੂੰ ਪਾਣੀ ਦੀ ਭਾਲ ਵਿਚ ਮੀਲਾਂ ਪੈਦਲ ਤੁਰਨਾ ਪੈਂਦਾ ਹੈ। ਇਹ ਕਿਸੇ ਇਕ ਪਿੰਡ ਜਾਂ ਸ਼ਹਿਰ ਦੀ ਗੱਲ ਨਹੀਂ ਹੈ ਸਗੋਂ ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਭਾਰਤ ਵਿਚ ਵੀ ਸਰਕਾਰੀ ਖੋਜਾਂ ਤੋਂ ਪਤਾ ਲਗਾ ਹੈ ਕਿ ਤਿੰਨ ਚੌਥਾਈ ਲੋਕਾਂ ਕੋਲ ਘਰਾਂ ਵਿਚ ਪੀਣ ਲਈ ਸਾਫ ਪਾਣੀ ਵੀ ਉਪਲਬਧ ਨਹੀਂ ਹੈ।

ਦੇਸ਼ ਦਾ 70 ਫ਼ੀ ਸਦੀ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਨਦੀਆਂ ਸੁੱਕ ਰਹੀਆਂ ਹਨ। ਅਜਿਹੇ ਵਿਚ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਸਕਦਾ ਹੈ। ਦੋਹਾਂ ਦੇਸ਼ਾਂ ਵਿਚਕਾਰ ਪਿਛਲੇ 71 ਸਾਲਾਂ ਤੋਂ ਤਿੰਨ ਵੱਡੇ ਯੁੱਧ ਲੜੇ ਜਾ ਚੁੱਕੇ  ਹਨ। ਬਲੂਮਬਰਗ ਨੇ ਇਸ 'ਤੇ ਵਿਸਤਾਰ ਨਾਲ ਰੀਪੋਰਟ ਪੇਸ਼ ਕੀਤੀ ਹੈ।

ਦੋਨੋ ਦੇਸ਼ ਲਗਾਤਾਰ ਇਕ ਦੂਜੇ 'ਤੇ ਸਿੰਧੂ ਜਲ ਸੰਧੀ ਦੀ ਉਲੰਘਣਾ ਦਾ ਇਲਜ਼ਾਮ ਲਗਾਉਂਦੇ ਰਹੇ ਹਨ। ਦੱਸ ਦਈਏ ਕਿ ਵਿਸ਼ਵ ਬੈਂਕ ਦੀ ਵਿਚੋਲਗੀ ਵਿਚ 19 ਸਤੰਬਰ 1960 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ 'ਤੇ ਇਕ ਸਮਝੌਤਾ ਹੋਇਆ ਸੀ। ਇਸ ਨੂੰ ਹੀ 1960 ਦੀ ਸਿੰਧੂ ਜਲ ਸੰਧੀ ਕਹਿੰਦੇ ਹਨ। ਤਾਜ਼ਾ ਵਿਵਾਦ ਪਣਬਿਜਲੀ ਪ੍ਰੋਜੈਕਟਾਂ ਨੂੰ ਲੈ ਕੇ ਹੈ ਜਿਸ ਨੂੰ ਲੈ ਕੇ ਭਾਰਤ ਚਿਨਾਬ ਨਦੀ 'ਤੇ ਕੰਮ ਕਰ ਰਿਹਾ ਹੈ।

ਪਾਕਿਸਤਾਨ ਮੁਤਾਬਕ ਇਹ ਸੰਧੀ ਦੀ ਉਲੰਘਣਾ ਹੈ ਅਤੇ ਇਸ ਨਾਲ ਪਾਣੀ ਦੀ ਸਪਲਾਈ 'ਤੇ ਅਸਰ ਪਵੇਗਾ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਜਾਂਚ ਅਧਿਕਾਰੀਆਂ ਦੀ ਇਕ ਟੀਮ ਇਸ ਥਾਂ 'ਤੇ ਭੇਜੀ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਮਾਣ ਦੇ ਕੰਮ ਨੂੰ ਜਾਰੀ ਰੱਖੇ ਜਾਣ ਦੀ ਵਚਨਬੱਧਤਾ ਪ੍ਰਗਟਾਈ ਹੈ।

ਬਲੂਮਬਰਗ ਦੀ ਰੀਪੋਰਟ ਮੁਤਾਬਕ ਵਾਸ਼ਿੰਗਟਨ ਦੇ ਵੁਡਰੋ ਵਿਲਸਨ ਸੈਂਟਰ ਵਿਚ ਸਾਊਥ ਏਸ਼ੀਆ ਮਾਮਲਿਆਂ ਦੇ ਸੀਨੀਅਰ ਐਸੋਸੀਏਟ ਮਾਈਕਲ ਕੁਗੇਲਮੈਨ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਤਣਾਅ ਬੇਸ਼ਕ ਵਧੇਗਾ ਅਤੇ ਅਜਿਹੇ ਵਿਚ ਸਿੰਧੂ ਜਲ ਸੰਧੀ ਦਾ ਇਹ ਸੱਭ ਤੋਂ ਵੱਡਾ ਟੈਸਟ ਵੀ ਸਾਬਤ ਹੋਵੇਗਾ। ਮੌਜੂਦਾ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਸਥਿਰ ਹਨ ਅਤੇ ਕੁਝ ਹੱਦ ਤੱਕ ਹਾਂਪੱਖੀ ਵੀ ਹਨ।