ਤੇਜਸਵੀ ਯਾਦਵ ਵਿਰੁਧ ਮਾਨਹਾਨੀ ਦੀ ਸ਼ਿਕਾਇਤ ਖਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਹਨ’ ਵਾਲੀ ਟਿਪਣੀ ਵਾਪਸ ਲੈਣ ਮਗਰੋਂ ਅਦਾਲਤ ਨੇ ਦਿਤੀ ਰਾਹਤ

Tejashwi Yadav

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੌਮੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਵਿਰੁਧ ਦਾਇਰ ਮਾਨਹਾਨੀ ਦੀ ਸ਼ਿਕਾਇਤ ਨੂੰ ਖਾਰਜ ਕਰ ਦਿਤਾ ਹੈ। ਜਸਟਿਸ ਏ.ਐਸ. ਓਕਾ ਅਤੇ ਜਸਟਿਸ ਉਜਵਲ ਭੁਈਆਂ ਦੀ ਬੈਂਚ ਨੇ ਯਾਦਵ ਨੂੰ ਇਹ ਰਾਹਤ ਦਿੰਦੇ ਹੋਏ ਕਿਹਾ ਕਿ ਉਸ ਨੇ ਅਪਣਾ ਬਿਆਨ ਵਾਪਸ ਲੈ ਲਿਆ ਹੈ। ਬੈਂਚ ਨੇ ਕਿਹਾ, ‘‘ਪਟੀਸ਼ਨਕਰਤਾ ਵਲੋਂ ਅਪਣਾ ਬਿਆਨ ਵਾਪਸ ਲੈਣ ਦੇ ਮੱਦੇਨਜ਼ਰ ਅਸੀਂ ਕੇਸ ਰੱਦ ਕਰ ਦਿਤਾ ਹੈ। ਇਸ ਅਨੁਸਾਰ ਮਾਮਲੇ ਦਾ ਨਿਪਟਾਰਾ ਕਰ ਦਿਤਾ ਗਿਆ ਹੈ।’’

ਸੁਪਰੀਮ ਕੋਰਟ ਨੇ 5 ਫ਼ਰਵਰੀ ਨੂੰ ਤੇਜਸਵੀ ਯਾਦਵ ਦੀ ਉਸ ਪਟੀਸ਼ਨ ’ਤੇ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ’ਚ ਅਹਿਮਦਾਬਾਦ ਦੀ ਅਦਾਲਤ ’ਚ ਵਿਚਾਰ ਅਧੀਨ ਅਪਰਾਧਕ ਮਾਣਹਾਨੀ ਦੇ ਮਾਮਲੇ ਨੂੰ ਸੂਬੇ ਤੋਂ ਬਾਹਰ ਕਿਸੇ ਹੋਰ ਥਾਂ ’ਤੇ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ 29 ਜਨਵਰੀ ਨੂੰ ਯਾਦਵ ਨੂੰ ਅਪਣੀ ਕਥਿਤ ਟਿਪਣੀ ਵਾਪਸ ਲੈਣ ਲਈ ਕਿਹਾ ਸੀ ਅਤੇ ਉਨ੍ਹਾਂ ਨੂੰ ਢੁਕਵਾਂ ਬਿਆਨ ਦਾਇਰ ਕਰਨ ਦਾ ਹੁਕਮ ਦਿਤਾ ਸੀ। 

ਤੇਜਸਵੀ ਯਾਦਵ ਨੇ 19 ਜਨਵਰੀ ਨੂੰ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰ ਕੇ ਅਪਣੀ ਕਥਿਤ ਟਿਪਣੀ ਵਾਪਸ ਲੈ ਲਈ ਸੀ ਕਿ ‘ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਹਨ’। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਰ.ਜੇ.ਡੀ. ਆਗੂ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ’ਤੇ ਕਾਰਵਾਈ ’ਤੇ ਰੋਕ ਲਗਾ ਦਿਤੀ ਸੀ ਅਤੇ ਅਹਿਮਦਾਬਾਦ ਦੀ ਅਦਾਲਤ ’ਚ ਪਟੀਸ਼ਨ ਦਾਇਰ ਕਰਨ ਵਾਲੇ ਗੁਜਰਾਤ ਨਿਵਾਸੀ ਨੂੰ ਨੋਟਿਸ ਜਾਰੀ ਕੀਤਾ ਸੀ।

ਗੁਜਰਾਤ ਦੀ ਅਦਾਲਤ ਨੇ ਅਗੱਸਤ ’ਚ ਯਾਦਵ ਵਿਰੁਧ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 202 ਤਹਿਤ ਮੁੱਢਲੀ ਜਾਂਚ ਕੀਤੀ ਸੀ ਅਤੇ ਸਥਾਨਕ ਕਾਰੋਬਾਰੀ ਅਤੇ ਕਾਰਕੁਨ ਹਰੇਸ਼ ਮਹਿਤਾ ਦੀ ਸ਼ਿਕਾਇਤ ’ਤੇ ਉਨ੍ਹਾਂ ਨੂੰ ਤਲਬ ਕਰਨ ਲਈ ਕਾਫੀ ਆਧਾਰ ਮਿਲੇ ਸਨ। ਸ਼ਿਕਾਇਤ ਮੁਤਾਬਕ ਤੇਜਸਵੀ ਨੇ ਮਾਰਚ 2023 ’ਚ ਪਟਨਾ ’ਚ ਮੀਡੀਆ ਨੂੰ ਕਿਹਾ ਸੀ, ‘‘ਮੌਜੂਦਾ ਸਥਿਤੀ ’ਚ ਸਿਰਫ ਗੁਜਰਾਤੀ ਹੀ ਠੱਗ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਧੋਖਾਧੜੀ ਨੂੰ ਮੁਆਫ ਕਰ ਦਿਤਾ ਜਾਵੇਗਾ।’’ ਮਹਿਤਾ ਨੇ ਦਾਅਵਾ ਕੀਤਾ ਸੀ ਕਿ ਤੇਜਸਵੀ ਦੀਆਂ ਟਿਪਣੀਆਂ ਨੇ ਸਾਰੇ ਗੁਜਰਾਤੀਆਂ ਨੂੰ ਬਦਨਾਮ ਕੀਤਾ ਹੈ।