ਕੋਟਾ: ਜੇ.ਈ.ਈ. ਦੇ ਉਮੀਦਵਾਰ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ, ਇਸ ਸਾਲ ‘ਖੁਦਕੁਸ਼ੀ’ ਦਾ ਤੀਜਾ ਮਾਮਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਜੇ.ਈ.ਈ.-ਮੇਨ 2024 ਦੀ ਇਮਤਿਹਾਨ ’ਚ ਸ਼ਾਮਲ ਹੋਇਆ ਸੀ

Representative Image.

ਕੋਟਾ (ਰਾਜਸਥਾਨ): ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਜੇ.ਈ.ਈ.-ਮੇਨ 2024 ਦੇ ਪਹਿਲੇ ਐਡੀਸ਼ਨ ਦੀ ਉੱਤਰ ਕੁੰਜੀ ਪ੍ਰਕਾਸ਼ਿਤ ਕੀਤੇ ਜਾਣ ਦੇ ਕੁੱਝ ਘੰਟਿਆਂ ਬਾਅਦ 16 ਸਾਲ ਦੇ ਜੇ.ਈ.ਈ. ਉਮੀਦਵਾਰ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ । ਪੁਲਿਸ ਅਨੁਸਾਰ ਇਸ ਸਾਲ ਕੋਟਾ ’ਚ ਕਿਸੇ ਕੋਚਿੰਗ ਵਿਦਿਆਰਥੀ ਵਲੋਂ ਸ਼ੱਕੀ ਖੁਦਕੁਸ਼ੀ ਕਰਨ ਦਾ ਇਹ ਤੀਜਾ ਮਾਮਲਾ ਹੈ। ਸਰਕਲ ਅਫਸਰ (ਸੀ.ਓ.) ਡੀ.ਐਸ.ਪੀ. ਭਵਾਨੀ ਸਿੰਘ ਨੇ ਦਸਿਆ ਕਿ ਸ਼ੁਭ ਚੌਧਰੀ ਦੀ ਲਾਸ਼ ਮੰਗਲਵਾਰ ਸਵੇਰੇ ਜਵਾਹਰ ਨਗਰ ਇਲਾਕੇ ’ਚ ਉਸ ਦੇ ਹੋਸਟਲ ਦੇ ਕਮਰੇ ’ਚ ਉਸ ਦੀ ਲਾਸ਼ ਮਿਲੀ। 

ਡੀ.ਐਸ.ਪੀ. ਨੇ ਦਸਿਆ ਕਿ ਛੱਤੀਸਗੜ੍ਹ ਦਾ ਰਹਿਣ ਵਾਲਾ ਸ਼ੁਭ ਚੌਧਰੀ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਜੇ.ਈ.ਈ.-ਮੇਨ 2024 ਦੀ ਇਮਤਿਹਾਨ ’ਚ ਸ਼ਾਮਲ ਹੋਇਆ ਸੀ। ਹਾਲਾਂਕਿ, ਪੁਲਿਸ ਨੂੰ ਅਜੇ ਤਕ ਉਸ ਦੀ ਇਮਤਿਹਾਨ ਦੇ ਨਤੀਜਿਆਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

ਨੈਸ਼ਨਲ ਟੈਸਟਿੰਗ ਏਜੰਸੀ ਨੇ ਸੋਮਵਾਰ ਨੂੰ ਜੇ.ਈ.ਈ.-ਮੇਨ 2024 ਇਮਤਿਹਾਨ ਦੇ ਪਹਿਲੇ ਐਡੀਸ਼ਨ ਲਈ ਉੱਤਰ ਕੁੰਜੀ ਪ੍ਰਕਾਸ਼ਤ ਕੀਤੀ ਸੀ ਅਤੇ ਮੰਗਲਵਾਰ ਨੂੰ ਇਸ ਦੇ ਨਤੀਜੇ ਐਲਾਨੇ ਸਨ। ਪੁਲਿਸ ਨੇ ਦਸਿਆ ਕਿ ਚੌਧਰੀ ਜੇ.ਈ.ਈ. ਦੀ ਤਿਆਰੀ ਕਰ ਰਿਹਾ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਜਵਾਹਰ ਨਗਰ ਇਲਾਕੇ ਦੇ ਇਕ ਹੋਸਟਲ ’ਚ ਰਹਿ ਰਿਹਾ ਸੀ। ਸੀ.ਓ. ਨੇ ਕਿਹਾ ਕਿ ਜਦੋਂ ਵਿਦਿਆਰਥੀ ਨੇ ਮੰਗਲਵਾਰ ਸਵੇਰੇ ਅਪਣੇ ਮਾਪਿਆਂ ਦੇ ਵਾਰ-ਵਾਰ ‘ਕਾਲਾਂ’ ਦਾ ਜਵਾਬ ਨਹੀਂ ਦਿਤਾ, ਤਾਂ ਉਸ ਨੇ ‘ਹੋਸਟਲ ਵਾਰਡਨ’ ਨੂੰ ਪਤਾ ਲਗਾਉਣ ਦੀ ਅਪੀਲ ਕੀਤੀ। ਕਮਰੇ ’ਚ ਪਹੁੰਚਣ ’ਤੇ ਵਾਰਡਨ ਨੂੰ ਚੌਧਰੀ ਦੀ ਲਾਸ਼ ਮਿਲੀ ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। 

ਸੀ.ਓ. ਨੇ ਦਸਿਆ ਕਿ ਮੁੰਡੇ ਨੇ ਸੋਮਵਾਰ ਰਾਤ ਨੂੰ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਉਸ ਨੇ ਕਿਹਾ ਕਿ ਉਸ ਦੇ ਕਮਰੇ ’ਚੋਂ ਕੋਈ ਖ਼ੁਦਕੁਸ਼ੀ ਕਬੂਲਣ ਵਾਲਾ ਪਰਚਾ ਬਰਾਮਦ ਨਹੀਂ ਹੋਇਆ। ਹੋਸਟਲ ਦੇ ਕਮਰੇ ’ਚ ਛੱਤ ਦੇ ਪੱਖੇ ’ਚ ਖੁਦਕੁਸ਼ੀ ਰੋਕਣ ਦਾ ਕੋਈ ਯੰਤਰ ਨਹੀਂ ਸੀ। ਉਨ੍ਹਾਂ ਨੇ ਦਸਿਆ ਕਿ ਲਾਸ਼ ਨੂੰ ਮੁਰਦਾਘਰ ’ਚ ਰਖਿਆ ਗਿਆ ਹੈ। ਛੱਤੀਸਗੜ੍ਹ ਤੋਂ ਵਿਦਿਆਰਥੀ ਮਾਪਿਆਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।