CAA Online Portal: ਭਾਰਤ ਦੀ ਨਾਗਰਿਕਤਾ ਲਈ ਇੰਝ ਕਰੋ ਅਪਲਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਦੇ ਗੁਆਂਢੀ ਦੇਸ਼ਾਂ ਦੇ ਗੈਰ-ਮੁਸਲਿਮ ਲੋਕਾਂ ਲਈ ਭਾਰਤੀ ਨਾਗਰਿਕਤਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ।

CAA

CAA Online Portal: ਕੇਂਦਰੀ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦੇ ਯੋਗ ਲੋਕਾਂ ਲਈ ਇਕ ਪੋਰਟਲ ਜਾਰੀ ਕੀਤਾ ਹੈ। ਗ੍ਰਹਿ ਮੰਤਰਾਲੇ ਵਲੋਂ ਵੀ ਇਸ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ। ਹਾਲ ਹੀ ਵਿਚ ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ 2019 ਦੇ ਤਹਿਤ ਨਿਯਮਾਂ ਨੂੰ ਅਧਿਸੂਚਿਤ ਕੀਤਾ ਸੀ। ਇਸ ਤਹਿਤ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਗੈਰ-ਮੁਸਲਿਮ ਲੋਕਾਂ ਲਈ ਭਾਰਤੀ ਨਾਗਰਿਕਤਾ ਲੈਣ ਦਾ ਰਸਤਾ ਸਾਫ਼ ਹੋ ਗਿਆ ਹੈ।

ਸਰਕਾਰ ਨੇ ਸ਼ੁਰੂ ਕੀਤੀ ਵੈੱਬਸਾਈਟ

CAA-2019 ਦੇ ਤਹਿਤ ਬਣਾਏ ਗਏ ਨਿਯਮਾਂ ਦੇ ਆਧਾਰ 'ਤੇ, ਕੋਈ ਵੀ ਵਿਅਕਤੀ ਜੋ ਯੋਗ ਹੈ, ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ। ਇਸ ਦੇ ਲਈ ਸਰਕਾਰ ਨੇ Indiancitizenshiponline.nic.in ਨਾਂ ਦਾ ਪੋਰਟਲ ਲਾਂਚ ਕੀਤਾ ਹੈ। ਯੋਗ ਲੋਕ ਨਵੇਂ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ।

ਗ੍ਰਹਿ ਮੰਤਰਾਲੇ ਵਲੋਂ ਇਹ ਵੀ ਦਸਿਆ ਗਿਆ ਕਿ ਸੀਏਏ ਐਪ ਵੀ ਜਲਦੀ ਹੀ ਲਾਂਚ ਕੀਤੀ ਜਾਵੇਗੀ। ਜਿਸ ਦੇ ਜ਼ਰੀਏ ਲੋਕ ਆਸਾਨੀ ਨਾਲ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ। ਤੁਸੀਂ ਇਸ ਨਾਲ ਸਬੰਧਤ ਅਪਡੇਟਸ ਵੀ ਪ੍ਰਾਪਤ ਕਰ ਸਕੋਗੇ।

ਨਾਗਰਿਕਤਾ ਲਈ ਕੌਣ ਯੋਗ ਹੈ

ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਗੈਰ-ਦਸਤਾਵੇਜ਼ ਰਹਿਤ ਗੈਰ-ਮੁਸਲਿਮ ਪ੍ਰਵਾਸੀ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਵੈੱਬ ਪੋਰਟਲ ਰਾਹੀਂ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇ ਸਕਦੇ ਹਨ। ਨਿਯਮਾਂ ਮੁਤਾਬਕ ਹਿੰਦੂ, ਸਿੱਖ, ਜੈਨ, ਈਸਾਈ, ਬੋਧੀ ਅਤੇ ਪਾਰਸੀ ਜੋ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਸਨ, ਉਹ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਨਾਗਰਿਕਤਾ ਲਈ ਅਰਜ਼ੀ ਕਿਵੇਂ ਦੇਈਏ

CAA ਦੇ ਤਹਿਤ ਨਾਗਰਿਕਤਾ ਲਈ ਅਰਜ਼ੀ ਦੇਣ ਲਈ, ਬਿਨੈਕਾਰਾਂ ਨੂੰ ਅਪਣੀ ਨਿੱਜੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਪੋਰਟਲ 'ਤੇ ਲੌਗਇਨ ਕਰਨਾ ਹੋਵੇਗਾ।

ਇਸ ਤੋਂ ਬਾਅਦ ਆਨਲਾਈਨ ਫਾਰਮ ਭਰਨਾ ਹੋਵੇਗਾ, ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਅਤੇ ਫੀਸ ਅਦਾ ਕਰਨੀ ਹੋਵੇਗੀ।

ਅਰਜ਼ੀ ਦੀ ਹਾਰਡ ਕਾਪੀ ਕਿਥੇ ਜਮ੍ਹਾਂ ਕਰਨੀ ਹੈ

ਆਨਲਾਈਨ ਅਰਜ਼ੀ ਤੋਂ ਬਾਅਦ ਪ੍ਰਾਪਤ ਹੋਈ ਹਾਰਡ ਕਾਪੀ ਨੂੰ ਜ਼ਿਲ੍ਹੇ ਦੇ ਜ਼ਿਲ੍ਹਾ ਕੁਲੈਕਟਰ ਜਾਂ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਵਿਚ ਜਮ੍ਹਾਂ ਕਰਾਉਣਾ ਹੋਵੇਗਾ। ਜੇਕਰ ਬਿਨੈਕਾਰ ਭਾਰਤ ਤੋਂ ਬਾਹਰ ਰਹਿ ਰਿਹਾ ਹੈ, ਤਾਂ ਬਿਨੈ-ਪੱਤਰ ਦੀ ਇਕ ਕਾਪੀ ਭਾਰਤ ਦੇ ਕੌਂਸਲ ਜਨਰਲ ਨੂੰ ਜਮ੍ਹਾਂ ਕਰਵਾਉਣੀ ਪਵੇਗੀ ਹੈ।

ਜ਼ਿਲ੍ਹਾ ਕੁਲੈਕਟਰ ਦੇ ਦਫ਼ਤਰ ਵਿਚ ਹਾਰਡ ਕਾਪੀ ਜਮ੍ਹਾਂ ਕਰਾਉਣ ਤੋਂ ਬਾਅਦ, ਅਰਜ਼ੀ ਨੂੰ ਇਕ ਰੀਪੋਰਟ ਦੇ ਨਾਲ 60 ਦਿਨਾਂ ਦੇ ਅੰਦਰ ਰਾਜ ਸਰਕਾਰ ਨੂੰ ਭੇਜਣਾ ਹੋਵੇਗਾ। ਫਿਰ ਕਲੈਕਟਰ ਦੀ ਰੀਪੋਰਟ ਮਿਲਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਬਿਨੈ-ਪੱਤਰ ਕੇਂਦਰ ਸਰਕਾਰ ਨੂੰ ਭੇਜਣਾ ਹੋਵੇਗਾ।

ਨਾਗਰਿਕਤਾ ਲਈ ਲੋੜੀਂਦੇ ਦਸਤਾਵੇਜ਼

-ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਸਰਕਾਰ ਦੁਆਰਾ ਜਾਰੀ ਪਾਸਪੋਰਟ ਦੀ ਕਾਪੀ

-ਅਫਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਦੇ ਸਰਕਾਰੀ ਅਥਾਰਟੀ ਦੁਆਰਾ ਜਾਰੀ ਕੀਤਾ ਕੋਈ ਵੀ ਲਾਇਸੈਂਸ ਜਾਂ ਸਰਟੀਫਿਕੇਟ

-ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿਚ ਜ਼ਮੀਨ ਜਾਂ ਕਿਰਾਏਦਾਰੀ ਦਾ ਰਿਕਾਰਡ

-ਭਾਰਤ ਵਿਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫਸਰ (FRRO) ਜਾਂ ਵਿਦੇਸ਼ੀ ਰਜਿਸਟ੍ਰੇਸ਼ਨ ਅਫਸਰ (FRO) ਦੁਆਰਾ ਜਾਰੀ ਰਜਿਸਟਰੇਸ਼ਨ ਸਰਟੀਫਿਕੇਟ ਜਾਂ

-ਰਿਹਾਇਸ਼ੀ ਪਰਮਿਟ, ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿਚ ਸਰਕਾਰੀ ਅਥਾਰਟੀ ਦੁਆਰਾ ਜਾਰੀ ਜਨਮ ਸਰਟੀਫਿਕੇਟ

-ਅਫਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਵਿਚ ਸਕੂਲ ਜਾਂ ਕਾਲਜ ਜਾਂ ਬੋਰਡ ਜਾਂ ਯੂਨੀਵਰਸਿਟੀ ਅਥਾਰਟੀਆਂ ਦੁਆਰਾ ਜਾਰੀ ਸਕੂਲ ਸਰਟੀਫਿਕੇਟ ਜਾਂ ਵਿਦਿਅਕ ਸਰਟੀਫਿਕੇਟ

-ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਜਾਂ ਇਨ੍ਹਾਂ ਦੇਸ਼ਾਂ ਵਿਚ ਕਿਸੇ ਹੋਰ ਸਰਕਾਰੀ ਅਥਾਰਟੀ ਜਾਂ ਸਰਕਾਰੀ ਏਜੰਸੀਆਂ ਦੁਆਰਾ ਜਾਰੀ ਕੀਤੇ ਗਏ ਪਛਾਣ ਦਸਤਾਵੇਜ਼

-ਕੋਈ ਵੀ ਦਸਤਾਵੇਜ਼ ਜੋ ਦਰਸਾਉਂਦਾ ਹੈ ਕਿ ਬਿਨੈਕਾਰ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਜਾਂ ਪੜਦਾਦੀ ਜਾਂ ਪੜਦਾਦਾ-ਦਾਦੀ ਤਿੰਨਾਂ ਵਿਚੋਂ ਕੋਈ ਇਰ ਅਫਗਾਨਿਸਤਾਨ, ਬੰਗਲਾਦੇਸ਼ ਜਾਂ ਪਾਕਿਸਤਾਨ ਵਿਚੋਂ ਕਿਸੇ ਇਕ ਦਾ ਨਾਗਰਿਕ ਹੈ ਜਾਂ ਰਿਹਾ ਹੋਵੇ।

-ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਵਿਚ ਸਰਕਾਰੀ ਅਥਾਰਟੀ ਜਾਂ ਸਰਕਾਰੀ ਏਜੰਸੀ ਦੁਆਰਾ ਜਾਰੀ ਕੋਈ ਹੋਰ ਦਸਤਾਵੇਜ਼ ਜੋ ਇਹ ਸਥਾਪਿਤ ਕਰੇਗਾ ਕਿ ਬਿਨੈਕਾਰ ਅਫਗਾਨਿਸਤਾਨ ਜਾਂ ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਹੈ।

ਨੋਟ- ਉਪਰੋਕਤ ਦਸਤਾਵੇਜ਼ ਅਪਣੀ ਵੈਧਤਾ ਦੀ ਮਿਆਦ ਦੇ ਬਾਅਦ ਵੀ ਸਵੀਕਾਰ ਕੀਤੇ ਜਾਣਗੇ।

ਭਾਰਤ ਵਿਚ ਦਾਖਲੇ ਦਾ ਸਬੂਤ ਵੀ ਜ਼ਰੂਰੀ

ਬਿਨੈਕਾਰ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਹੇਠਾਂ ਦਿਤੇ ਦਸਤਾਵੇਜ਼ਾਂ ਦੇ ਆਧਾਰ 'ਤੇ 31 ਦਸੰਬਰ 2014 ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਵਿਚ ਦਾਖਲ ਹੋਇਆ ਸੀ-

ਇਹ ਦਸਤਾਵੇਜ਼ ਵੈਧ ਹੋਣਗੇ:

-ਭਾਰਤ ਪਹੁੰਚਣ 'ਤੇ ਵੀਜ਼ਾ ਅਤੇ ਇਮੀਗ੍ਰੇਸ਼ਨ ਸਟੈਂਪ ਦੀ ਕਾਪੀ

-ਭਾਰਤ ਵਿਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫਸਰ (FRRO) ਜਾਂ ਵਿਦੇਸ਼ੀ ਰਜਿਸਟ੍ਰੇਸ਼ਨ ਅਫਸਰ (FRO) ਦੁਆਰਾ ਜਾਰੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਰਿਹਾਇਸ਼ੀ ਪਰਮਿਟ

-ਮਰਦਮਸ਼ੁਮਾਰੀ ਨਾਲ ਸਬੰਧਤ ਸਰਵੇਖਣ ਕਰਦੇ ਸਮੇਂ ਭਾਰਤ ਵਿਚ ਮਰਦਮਸ਼ੁਮਾਰੀ ਗਿਣਤੀਕਾਰਾਂ ਦੁਆਰਾ ਅਜਿਹੇ ਵਿਅਕਤੀਆਂ ਨੂੰ ਸਲਿੱਪ ਜਾਰੀ ਕੀਤੀ ਜਾਂਦੀ ਹੈ।

-ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੁਆਰਾ ਜਾਰੀ ਕੋਈ ਹੋਰ ਦਸਤਾਵੇਜ਼

- ਗ੍ਰਾਮੀਣ ਜਾਂ ਸ਼ਹਿਰੀ ਸੰਸਥਾ ਦੇ ਇਕ ਚੁਣੇ ਹੋਏ ਮੈਂਬਰ ਜਾਂ ਇਸ ਦੇ ਅਧਿਕਾਰੀ ਜਾਂ ਮਾਲ ਅਧਿਕਾਰੀ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ

-ਭਾਰਤ ਵਿਚ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਲਾਇਸੈਂਸ ਜਾਂ ਸਰਟੀਫਿਕੇਟ ਜਾਂ ਪਰਮਿਟ (ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਆਦਿ ਸਮੇਤ)

-ਭਾਰਤ ਵਿਚ ਬਿਨੈਕਾਰ ਦਾ ਰਾਸ਼ਨ ਕਾਰਡ

-ਸਰਕਾਰ ਜਾਂ ਅਦਾਲਤ ਦੁਆਰਾ ਬਿਨੈਕਾਰ ਨੂੰ ਜਾਰੀ ਕੀਤੀ ਸਰਕਾਰੀ ਮੋਹਰ ਵਾਲਾ ਕੋਈ ਵੀ ਪੱਤਰ

-ਬਿਨੈਕਾਰ ਦਾ ਜਨਮ ਸਰਟੀਫਿਕੇਟ ਭਾਰਤ ਵਿਚ ਜਾਰੀ ਕੀਤਾ ਗਿਆ ਹੋਵੇ

-ਬਿਨੈਕਾਰ ਦੇ ਨਾਮ 'ਤੇ ਭਾਰਤ ਵਿਚ ਜ਼ਮੀਨ ਜਾਂ ਕਿਰਾਏਦਾਰੀ ਦਾ ਰਿਕਾਰਡ ਜਾਂ ਰਜਿਸਟਰਡ ਕਿਰਾਏ ਦਾ ਇਕਰਾਰਨਾਮਾ

-ਪੈਨ ਕਾਰਡ ਜਾਰੀ ਕਰਨ ਦਾ ਦਸਤਾਵੇਜ਼ ਜਾਰੀ ਕਰਨ ਦੀ ਮਿਤੀ ਦਿਖਾ ਰਿਹਾ ਹੋਵੇ
-ਬਿਨੈਕਾਰ ਦੇ ਨਾਮ 'ਤੇ ਬੈਂਕਾਂ (ਨਿੱਜੀ ਬੈਂਕਾਂ ਸਮੇਤ) ਜਾਂ ਪੋਸਟ ਆਫਿਸ ਖਾਤਿਆਂ ਨਾਲ ਸਬੰਧਤ ਅਤੇ ਜਾਰੀ ਕੀਤੇ ਗਏ ਰਿਕਾਰਡ ਅਤੇ ਖਾਤੇ ਦੇ ਵੇਰਵੇ

-ਭਾਰਤ ਵਿਚ ਬੀਮਾ ਕੰਪਨੀਆਂ ਦੁਆਰਾ ਬਿਨੈਕਾਰ ਦੇ ਨਾਮ 'ਤੇ ਜਾਰੀ ਕੀਤੀਆਂ ਬੀਮਾ ਪਾਲਿਸੀਆਂ

-ਬਿਨੈਕਾਰ ਦੇ ਨਾਮ 'ਤੇ ਬਿਜਲੀ ਕੁਨੈਕਸ਼ਨ ਦਾ ਸਬੂਤ

-ਬਿਨੈਕਾਰ ਦੇ ਸਬੰਧ ਵਿਚ ਭਾਰਤ ਵਿਚ ਕਿਸੇ ਅਦਾਲਤ ਜਾਂ ਟ੍ਰਿਬਿਊਨਲ ਦੇ ਰਿਕਾਰਡ ਜਾਂ ਪ੍ਰਕਿਰਿਆਵਾਂ

-ਕਰਮਚਾਰੀ ਭਵਿੱਖ ਫੰਡ (EPF)/ਜਨਰਲ ਪ੍ਰੋਵੀਡੈਂਟ ਫੰਡ/ਪੈਨਸ਼ਨ/ਕਰਮਚਾਰੀ ਦੁਆਰਾ ਸਮਰਥਤ ਭਾਰਤ ਵਿਚ ਕਿਸੇ ਵੀ ਰੁਜ਼ਗਾਰਦਾਤਾ ਦੇ ਅਧੀਨ ਸੇਵਾ ਜਾਂ ਰੁਜ਼ਗਾਰ ਦਰਸਾਉਣ ਵਾਲਾ ਦਸਤਾਵੇਜ਼

-ਵਿਆਹ ਦਾ ਸਰਟੀਫਿਕੇਟ

-ਭਾਰਤ ਵਿਚ ਜਾਰੀ ਕੀਤੇ ਬਿਨੈਕਾਰ ਦਾ ਸਕੂਲ ਛੱਡਣ ਦਾ ਸਰਟੀਫਿਕੇਟ

-ਸਕੂਲ ਜਾਂ ਕਾਲਜ ਜਾਂ ਬੋਰਡ ਜਾਂ ਯੂਨੀਵਰਸਿਟੀ ਜਾਂ ਸਰਕਾਰੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਵਿਦਿਅਕ ਸਰਟੀਫਿਕੇਟ

-ਬਿਨੈਕਾਰ ਨੂੰ ਜਾਰੀ ਕੀਤਾ ਗਿਆ ਨਗਰਪਾਲਿਕਾ ਕਾਰੋਬਾਰੀ ਲਾਇਸੰਸ

-ਰਾਜ ਬੀਮਾ ਨਿਗਮ (ESIC) ਦਸਤਾਵੇਜ਼

(ਸਰਕਾਰ ਨੇ ਐਕਟ ਦੇ ਤਹਿਤ ਕੀਤੀਆਂ ਅਰਜ਼ੀਆਂ ਦੀ ਵੈਧਤਾ ਦਾ ਅਧਿਐਨ ਕਰਨ ਲਈ ਯੂਟੀ/ਰਾਜ ਪੱਧਰ 'ਤੇ ਇਕ ਅਧਿਕਾਰਤ ਕਮੇਟੀ ਅਤੇ ਜ਼ਿਲ੍ਹਾ ਪੱਧਰ 'ਤੇ ਕਮੇਟੀਆਂ ਦੀ ਸਥਾਪਨਾ ਨੂੰ ਵੀ ਨੋਟੀਫਾਈ ਕੀਤਾ ਹੈ।)

(For more Punjabi news apart from how to apply on CAA Online Portal, stay tuned to Rozana Spokesman)