ਬੇਕਾਬੂ ਹੋਇਆ ਕੋਰੋਨਾ: 88 ਸਾਲਾ ਬਜ਼ੁਰਗ ਮਹਿਲਾ ਨੂੰ ਆਟੋ ਵਿਚ ਬਿਠਾ ਕੇ ਦਿੱਤੀ ਗਈ ਆਕਸੀਜਨ
ਫੋਟੋ ਵਾਇਰਲ ਹੋਣ ਤੋਂ ਬਾਅਦ ਪ੍ਰਾਈਵੇਟ ਹਸਪਤਾਲ ਵਿਚ ਮਿਲਿਆ ਬੈੱਡ
ਮੁੰਬਈ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਹਾਰਾਸ਼ਟਰ ਵਿਚ ਹਾਲਾਤ ਬੇਹੱਦ ਗੰਭੀਰ ਹਨ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਕੋਵਿਡ ਹਸਪਤਾਲ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਸ ਦੇ ਚਲਦਿਆਂ ਕਈ ਮਰੀਜ਼ਾਂ ਲਈ ਹਸਪਤਾਲ ਵਿਚ ਥਾਂ ਨਹੀਂ ਹੈ। ਇਸ ਦੌਰਾਨ ਇਕ ਅਜਿਹੀ ਫੋਟੋ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਦਰਅਸਲ ਸਤਾਰਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਬੈੱਡ ਨਾ ਹੋਣ ਕਾਰਨ ਇਕ 88 ਸਾਲਾ ਕੋਰੋਨਾ ਪੀੜਤ ਮਹਿਲਾ ਨੂੰ ਆਟੋ ਵਿਚ ਬਿਠਾ ਕੇ ਆਕਸੀਜਨ ਦਿੱਤੀ ਗਈ। ਇਹ ਘਟਨਾ ਸੋਮਵਾਰ ਦੀ ਹੈ। ਮਹਿਲਾ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਬੈੱਡ ਦਿੱਤਾ ਗਿਆ।
ਦੱਸ ਦਈਏ ਕਿ ਸਤਾਰਾ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ 991 ਨਵੇਂ ਮਾਮਲੇ ਸਾਹਮਣੇ ਆਏ ਅਤੇ 10 ਮਰੀਜਾਂ ਦੀ ਮੌਤ ਹੋ ਗਈ। ਤਾਜ਼ਾ ਅੰਕੜਿਆਂ ਅਨੁਸਾਰ ਸਿਰਫ਼ ਸਤਾਰਾ ਜ਼ਿਲ੍ਹੇ ਵਿਚ ਹੀ ਕੋਰੋਨਾ ਵਾਇਰਸ ਦੇ 7,837 ਮਰੀਜ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਵਿਚੋਂ ਇਕ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਅੱਜ ਲਗਾਤਾਰ 7ਵੇਂ ਦਿਨ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਮਿਲੇ ਹਨ। ਪਿਛਲੇ 24 ਘੰਟਿਆਂ ਦੌਰਾਨ 1,61,736 ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ 24 ਘੰਟਿਆਂ ਵਿਚ 879 ਮੌਤਾਂ ਹੋਈਆਂ। ਤਾਜ਼ਾ ਅੰਕੜਿਆਂ ਤੋਂ ਬਾਅਦ ਦੇਸ਼ ਵਿਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 1,36,89,453 ਹੋ ਚੁੱਕੀ ਹੈ।