ਕੋਰੋਨਾ ਦਾ ਕਹਿਰ: ਦੇਸ਼ ਵਿਚ ਲਗਾਤਾਰ ਤੀਜੇ ਦਿਨ ਡੇਢ ਲੱਖ ਤੋਂ ਜ਼ਿਆਦਾ ਮਾਮਲੇ
24 ਘੰਟਿਆਂ ’ਚ 1,61,736 ਮਾਮਲੇ ਦਰਜ, 879 ਮੌਤਾਂ
ਨਵੀਂ ਦਿੱਲੀ : ਦੇਸ਼ ਵਿਚ ਅੱਜ ਲਗਾਤਾਰ 7ਵੇਂ ਦਿਨ ਇਕ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਮਿਲੇ ਹਨ। ਪਿਛਲੇ 24 ਘੰਟਿਆਂ ਦੌਰਾਨ 1,61,736 ਕੋਰੋਨਾ ਦੇ ਨਵੇਂ ਮਾਮਲੇ ਦਰਜ ਹੋਏ। ਇਸ ਤੋਂ ਇਲਾਵਾ 24 ਘੰਟਿਆਂ ਵਿਚ 879 ਮੌਤਾਂ ਹੋਈਆਂ।
ਤਾਜ਼ਾ ਅੰਕੜਿਆਂ ਤੋਂ ਬਾਅਦ ਦੇਸ਼ ਵਿਚ ਕੁੱਲ ਕੋਰੋਨਾ ਮਾਮਲਿਆਂ ਦੀ ਗਿਣਤੀ 1,36,89,453 ਹੋ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ 97,168 ਮਰੀਜ ਠੀਕ ਹੋ ਕੇ ਪਰਤੇ। ਐਕਟਿਵ ਮਾਮਲਿਆਂ ਦੀ ਗਿਣਤੀ 12,64,698 ਹੈ। ਤਾਜ਼ਾ ਮੌਤਾਂ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 1,71,058 ਤੱਕ ਪਹੁੰਚ ਗਈ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦੇ ਮਾਮਲੇ ’ਚ ਬ੍ਰਾਜ਼ੀਲ ਨੂੰ ਪਿੱਛੇ ਛਡਦੇ ਹੋਏ ਭਾਰਤ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਅਮਰੀਕਾ ਦੇ ਜਾਨ ਹਾਪਕਿਨਜ਼ ਯੂਨੀਵਰਸਿਟੀ (ਜੇਐਚਯੂ) ਦੇ ਅੰਕੜਿਆਂ ਮੁਤਾਬਕ ਪੀੜਤਾਂ ਦੀ ਗਿਣਤੀ ਦੇ ਮਾਮਲੇ ’ਚ ਭਾਰਤ ਬ੍ਰਾਜ਼ੀਲ ਤੋਂ ਅੱਗੇ ਨਿਕਲ ਗਿਆ ਹੈ। ਬ੍ਰਾਜ਼ੀਲ ’ਚ ਕੋਵਿਡ 19 ਦੇ ਹੁਣ ਤਕ 1,34,82,023 ਮਾਮਲੇ ਆਏ ਹਨ। ਅਮਰੀਕਾ ’ਚ ਸੱਭ ਤੋਂ ਵੱਧ 3,1198,055 ਮਾਮਲੇ ਆਏ ਹਨ।