''1984 'ਚ ਦੰਗਾ ਨਹੀਂ, ਸਿੱਖ ਨਸਲਕੁਸ਼ੀ ਹੋਈ ਸੀ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀ ਦੇ ਸਾਬਕਾ ਡੀਜੀਪੀ ਸੁਲੱਖਣ ਸਿੰਘ ਦਾ ਬਿਆਨ

1984 Sikh Genocide

ਨਵੀਂ ਦਿੱਲੀ- 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਸੈਮ ਪਿਤਰੋਦਾ ਦੇ ਬਿਆਨ 'ਤੇ ਸ਼ੁਰੂ ਹੋਈ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਕਿ ਹੁਣ ਇਸ ਮਾਮਲੇ ਵਿਚ ਉਤਰ ਪ੍ਰਦੇਸ਼ ਦੇ ਸਾਬਕਾ ਡੀਜੀਪੀ ਸੁਲੱਖਣ ਸਿੰਘ ਨੇ ਨਵਾਂ ਬਿਆਨ ਦੇ ਕੇ ਬਲਦੀ ਵਿਚ ਘੀ ਪਾਉਣ ਦਾ ਕੰਮ ਕੀਤਾ ਹੈ।

ਸੁਲੱਖਣ ਸਿੰਘ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਕਰਦੇ ਹੋਏ ਲਿਖਿਆ ਕਿ 1984 ਵਿਚ ਸਿੱਖ ਦੰਗਾ ਨਹੀਂ ਬਲਕਿ ਰਾਜੀਵ ਗਾਂਧੀ ਦੇ ਆਦੇਸ਼ 'ਤੇ ਉਨ੍ਹਾਂ ਦੇ ਚੁਣੇ ਹੋਏ ਵਿਸ਼ਵਾਸ ਪਾਤਰ ਕਾਂਗਰਸੀ ਨੇਤਾਵਾਂ ਵਲੋਂ ਖ਼ੁਦ ਖੜ੍ਹੇ ਹੋ ਕੇ ਕਰਵਾਇਆ ਗਿਆ ਸਿੱਖ ਨਸਲਕੁਸ਼ੀ ਸੀ।

1980 ਬੈਚ ਦੇ ਆਈਪੀਐਸ ਅਤੇ ਉਤਰ ਪ੍ਰਦੇਸ਼ ਦੇ ਡੀਜੀਪੀ ਰਹੇ ਸੁਲੱਖਣ ਸਿੰਘ ਨੇ ਲਿਖਿਆ ''ਇੰਦਰਾ ਗਾਂਧੀ ਦੀ ਹੱਤਿਆ ਦੇ ਦਿਨ 31 ਅਕਤੂਬਰ 1984 ਨੂੰ ਮੈਂ ਪੰਜਾਬ ਮੇਲ ਟ੍ਰੇਨ ਰਾਹੀਂ ਲਖਨਊ ਤੋਂ ਵਾਰਾਨਸੀ ਜਾ ਰਿਹਾ ਸੀ। ਟ੍ਰੇਨ ਅਮੇਠੀ ਸਟੇਸ਼ਨ 'ਤੇ ਖੜ੍ਹੀ ਸੀ, ਉਸੇ ਸਮੇਂ ਇਕ ਵਿਅਕਤੀ ਜੋ ਉਥੋਂ ਟ੍ਰੇਨ ਵਿਚ ਚੜ੍ਹਿਆ ਸੀ, ਉਸ ਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਵਾਰਾਨਸੀ ਤਕ ਕੋਈ ਗੱਲ ਨਹੀਂ ਹੋਈ।

ਵਾਰਾਨਸੀ ਵਿਚ ਅਗਲੇ ਦਿਨ ਸਵੇਰ ਤਕ ਕੁੱਝ ਨਹੀਂ ਹੋਇਆ। ਉਸ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਘਟਨਾਵਾਂ ਕੀਤੀਆਂ ਗਈਆਂ। ਜੇਕਰ ਜਨਤਾ ਦੇ ਗੁੱਸੇ ਦਾ 'ਆਊਟ ਬ੍ਰਸਟ' ਹੁੰਦਾ ਤਾਂ ਦੰਗਾ ਤੁਰੰਤ ਸ਼ੁਰੂ ਹੋ ਜਾਂਦਾ।'' ਸੁਲੱਖਣ ਸਿੰਘ ਦਾ ਦਾਅਵਾ ਹੈ ਕਿ ''ਬਕਾਇਦਾ ਯੋਜਨਾ ਬਣਾ ਕੇ ਮਨੁੱਖੀ ਕਤਲੇਆਮ ਕੀਤਾ ਗਿਆ। ਉਸ ਸਮੇਂ ਤਤਕਾਲੀਨ ਕਾਂਗਰਸੀ ਨੇਤਾ ਭਗਤ, ਟਾਈਟਲਰ, ਮਾਕਨ, ਸੱਜਣ ਕੁਮਾਰ ਮੁੱਖ ਅਪਰੇਟਰ ਸਨ।

ਰਾਜੀਵ ਗਾਂਧੀ ਦੇ ਖ਼ਾਸ ਵਿਸ਼ਵਾਸ ਪਾਤਰ ਕਮਲਨਾਥ ਮਾਟੀਨਰਿੰਗ ਕਰ ਰਹੇ ਸੀ।'' ਉਨ੍ਹਾਂ ਅਪਣੀ ਫੇਸਬੁੱਕ ਪੋਸਟ ਵਿਚ ਅੱਗੇ ਲਿਖਿਆ ਕਿ ''ਸਿੱਖ ਨਸਲਕੁਸ਼ੀ 'ਤੇ ਰਾਜੀਵ ਗਾਂਧੀ ਦਾ ਬਿਆਨ ਅਤੇ ਉਨ੍ਹਾਂ ਸਾਰੇ ਕਾਂਗਰਸੀਆਂ ਦਾ ਬਚਾਅ ਕਰਨ ਦੇ ਨਾਲ-ਨਾਲ ਚੰਗੇ ਅਹੁਦਿਆਂ 'ਤੇ ਤਾਇਨਾਤ ਕਰਨਾ ਉਨ੍ਹਾਂ ਦੀ ਸ਼ਮੂਲੀਅਤ ਦੇ  ਵੱਡੇ ਸਬੂਤ ਹਨ।

ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਵੀ ਕਾਂਗਰਸ ਸਰਕਾਰਾਂ ਵਲੋਂ ਇਨ੍ਹਾਂ ਵਿਅਕਤੀਆਂ ਦਾ ਬਚਾਅ ਅਤੇ ਸਨਮਾਨਿਤ ਕਰਨਾ ਇਨ੍ਹਾਂ ਸਾਰਿਆਂ ਦੀ ਸਹਿਮਤੀ ਨੂੰ ਦਰਸਾਉਂਦਾ ਹੈ।''

ਇਸ ਪੋਸਟ ਦੇ ਚਲਦਿਆਂ ਕਾਨਪੁਰ ਵਿਚ ਹੋਏ ਸਿੱਖ ਦੰਗਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਾਬਕਾ ਡੀਜੀਪੀ ਅਤੁਲ ਨੇ ਕਿਹਾ ਹੈ ਕਿ ਜੇਕਰ ਸੁਲੱਖਣ ਸਿੰਘ ਦੇ ਕੋਲ ਇਸ ਮਾਮਲੇ ਨਾਲ ਜੁੜਿਆ ਕੋਈ ਸਬੂਤ ਹੈ ਤਾਂ ਉਹ ਸਰਕਾਰ ਜਾਂ ਐਸਆਈਟੀ ਦੇ ਸਾਹਮਣੇ ਆ ਕੇ ਅਪਣਾ ਪੱਖ ਰੱਖਣ।

ਉਧਰ ਕਾਂਗਰਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਲੋਕ ਸਭਾ ਦੀਆਂ ਚੋਣਾਂ ਦੇ ਚਲਦਿਆਂ ਭਾਜਪਾ ਵਲੋਂ ਇਹ ਸਭ ਕੁੱਝ ਜਾਣਬੁੱਝ ਕੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਸ ਨੂੰ ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਪੈ ਸਕਣ ਖ਼ੈਰ ਦੇਖਣਾ ਹੋਵੇਗਾ ਕਿ ਸਾਬਕਾ ਡੀਜੀਪੀ ਵਲੋਂ ਦਿੱਤੇ ਇਸ ਬਿਆਨ ਦੇ ਕੀ ਨਤੀਜੇ ਨਿਕਲਦੇ ਹਨ।