ਮਹੀਨੇ ਵਿਚ ਟੀਵੀ ਚੈਨਲਾਂ ਨੇ ਮੋਦੀ ਨੂੰ 722 ਘੰਟੇ ਅਤੇ ਰਾਹੁਲ ਨੂੰ 251 ਘੰਟੇ ਦਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਦੇ ਮਾਹੌਲ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟੀਵੀ ‘ਤੇ ਸਭ ਤੋਂ ਜ਼ਿਆਦਾ ਏਅਰਟਾਈਮ ਮਿਲਿਆ।

Narendra Modi and Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਮਾਹੌਲ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਟੀਵੀ ‘ਤੇ ਸਭ ਤੋਂ ਜ਼ਿਆਦਾ ਏਅਰਟਾਈਮ ਮਿਲਿਆ। 1 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਭਾਵ ਲਗਭਗ ਇਕ ਮਹੀਨੇ ਵਿਚ ਪੀਐਮ ਮੋਦੀ ਨੂੰ ਅਲੱਗ ਅਲੱਗ ਚੈਨਲਾਂ ‘ਤੇ ਕੁਲ ਮਿਲਾ ਕੇ 722 ਘੰਟੇ ਦੇਖਿਆ ਗਿਆ ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 251 ਘੰਟੇ ਦਾ ਹੀ ਸਮਾਂ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ 1 ਤੋਂ 28 ਅਪ੍ਰੈਲ ਤੱਕ ਦੇਸ਼ ਭਰ ਵਿਚ 64 ਰੈਲੀਆਂ ਕੀਤੀਆਂ ਅਤੇ ਇਸੇ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 65 ਰੈਲੀਆਂ ਨੂੰ ਸੰਬੋਧਨ ਕੀਤਾ।

ਦੇਸ਼ ਦੇ ਪ੍ਰਸਿੱਧ 11 ਹਿੰਦੀ ਖਬਰ ਚੈਨਲਾਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਰਾਹੁਲ ਗਾਂਧੀ ਦੇ ਮੁਕਾਬਲੇ ਜ਼ਿਆਦਾ ਰਹੀ। Broadcast Audience Research Council (ਬੀਏਐਸਸੀ) ਦੇ ਮੁਤਾਬਿਕ ਮੋਦੀ ਨੂੰ ਖਬਰ ਚੈਨਲਾਂ ਨੇ ਕੁਲ 722 ਘੰਟੇ, 25 ਮਿੰਟ ਅਤੇ 45 ਸੈਕਿੰਡ ਦਾ ਸਮਾਂ ਦਿੱਤਾ। ਰਾਹੁਲ ਗਾਂਧੀ ਨੇ ਪੀਐਮ ਮੋਦੀ ਤੋਂ 1 ਰੈਲੀ ਜ਼ਿਆਦਾ ਕੀਤੀ ਪਰ ਉਹਨਾਂ ਨੂੰ ਟੀਵੀ ‘ਤੇ ਘੱਟ ਸਮਾਂ ਮਿਲਿਆ। ਇਸ ਸਮੇਂ ਦੌਰਾਨ ਰਾਹੁਲ ਗਾਂਧੀ ਨੂੰ 251 ਘੰਟੇ, 36 ਮਿੰਟ ਅਤੇ 43 ਸੈਕਿੰਡ ਦਾ ਸਮਾਂ ਮਿਲਿਆ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ 123 ਘੰਟੇ, 39 ਮਿੰਟ ਅਤੇ 45 ਸੈਕਿੰਡ ਅਤੇ ਕਾਂਗਰਸ ਦੀ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ 84 ਘੰਟੇ 20 ਮਿੰਟ ਅਤੇ 5 ਸੈਕਿੰਡ ਦਾ ਸਮਾਂ ਮਿਲਿਆ। ਪ੍ਰਧਾਨ ਮੰਤਰੀ ਨੂੰ ਟੀਵੀ ‘ਤੇ ਦਿਖਾਉਣ ਨਾਲ ਚੈਨਲਾਂ ਦੀ ਟੀਆਰਪੀ ਜ਼ਿਆਦਾ ਮਿਲਦੀ ਹੈ। ਇਸੇ ਕਾਰਨ ਉਹਨਾਂ ਨੂੰ ਟੀਵੀ ‘ਤੇ ਜ਼ਿਆਦਾ ਸਮਾਂ ਮਿਲਿਆ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਦੱਸਣਾ ਮੁਸ਼ਕਿਲ ਹੈ ਪਰ ਮੋਦੀ ਨੂੰ ਵਿਸ਼ੇਸ਼ ਦਰਜਾ ਤਾਂ ਮਿਲਦਾ ਹੀ ਹੈ। 25 ਅਪ੍ਰੈਲ ਨੂੰ ਵਾਰਾਣਸੀ ਵਿਚ ਨਾਮਜ਼ਦਗੀ ਦਰਜ ਕਰਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਦੇ ਪ੍ਰਸਾਰਣ ਨੂੰ ਸਾਢੇ ਤਿੰਨ ਘੰਟਿਆਂ ਤੱਕ ਟੀਵੀ ‘ਤੇ ਦਿਖਾਇਆ ਗਿਆ।

ਉਹਨਾਂ ਦੀ ਇੰਟਰਵਿਊ ਵੀ ਕਾਫੀ ਸਮਾਂ ਟੀਵੀ ‘ਤੇ ਚਲਦੀ ਰਹੀ ਜਦਕਿ ਰਾਹੁਲ ਗਾਂਧੀ ਨਾਲ ਪ੍ਰਚਾਰ ਦੌਰਾਨ ਕੀਤੀ ਗੱਲਬਾਤ ਸਿਰਫ 25 ਮਿੰਟ ਦੀ ਹੀ ਰਹੀ।ਅਦਾਕਾਰ ਅਕਸ਼ੇ ਕੁਮਾਰ ਵੱਲੋਂ ਕੀਤੇ ਗਏ ਪ੍ਰਧਾਨ ਮੰਤਰੀ ਦੇ ਇੰਟਰਵਿਊ ਦਾ ਵੀ ਸਾਰੇ ਚੈਨਲਾਂ ਨੇ ਇਕ ਸਮੇਂ ਪ੍ਰਸਾਰਣ ਕੀਤਾ ਅਤੇ ਇਸ ਨੂੰ 1.7 ਕਰੋੜ ਲੋਕਾਂ ਨੇ ਦੇਖਿਆ। ਹਾਲਾਂਕਿ ਲੰਡਨ ਵਿਚ ਭਾਰਤ ਦੀ ਗੱਲ ਦੇ ਤਹਿਤ ਪ੍ਰਸੁੰਨ ਜੋਸ਼ੀ ਦੇ ਪ੍ਰਧਾਨਮੰਤਰੀ ਨਾਲ ਇੰਟਰਵਿਊ ਨੂੰ 2.5 ਕਰੋੜ ਲੋਕਾਂ ਨੇ ਦੇਖਿਆ ਸੀ।

ਇਸਦੇ ਬਾਵਜੂਦ ਪ੍ਰਧਾਨ ਮੰਤਰੀ ਨਾਲ ਅਕਸ਼ੈ ਕੁਮਾਰ ਨਾਲ ਗੱਲਬਾਤ ਵੀ ਜ਼ਿਆਦਾ ਦੇਖੀ ਗਈ। ਬੀਏਆਰਸੀ ਅੰਕੜਿਆਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣਾਂ ਨੂੰ ਵੀ ਚੈਨਲਾਂ ਵੱਲੋਂ ਕਾਫੀ ਦਿਖਾਇਆ ਗਿਆ। 2016 ਵਿਚ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ 137 ਚੈਨਲਾਂ ‘ਤੇ 11.7 ਕਰੋੜ, 2017 ਵਿਚ 147 ਚੈਨਲਾਂ ‘ਤੇ 10.9 ਕਰੋੜ ਅਤੇ 2018 ਵਿਚ 147 ਚੈਨਲਾਂ ‘ਤੇ 12.1 ਕਰੋੜ ਲੋਕਾਂ ਨੇ ਦੇਖਿਆ।

ਨਿਊਜ਼ਲਾਂਡਰੀ ਦੇ ਅਭਿਨੰਦਨ ਸ਼ੇਖਰੀ ਕਹਿੰਦੇ ਹਨ ਕਿ ਸਮੇਂ ਦੀ ਗੱਲ ਦੀ ਹੁਣ ਜ਼ਰੂਰਤ ਨਹੀਂ ਹੈ ਪਰ ਖਬਰਾਂ ਵਾਲੇ ਚੈਨਲਾਂ ਨੂੰ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਹੋ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਟੀਵੀ ਚੈਨਲ ਮੋਦੀ ਨੂੰ ਦਿਖਾ ਕੇ ਪੈਸਾ ਇਕੱਠਾ ਕਰਨ ਵਿਚ ਜੁਟੇ ਹੋਏ ਹਨ। ਬੀਏਆਰਸੀ ਦੇ ਅੰਕੜੇ ਅਨੁਸਾਰ ਪਿਛਲੇ ਸਾਲ ਨਵੰਬਰ ਤੋਂ ਭਾਜਪਾ ਟੀਵੀ ‘ਤੇ ਸਭ ਤੋਂ ਜ਼ਿਆਦਾ ਇਸ਼ਤਿਹਾਰ ਦੇਣ ਵਾਲੀ ਪਾਰਟੀ ਬਣ ਗਈ ਹੈ।