ਬੇਕਾਬੂ ਕੋਰੋਨਾ: ਕੋਵਿਡ ਲਹਿਰ ਮੱਠੀ ਹੋਈ ਪਰ ਜੁਲਾਈ ਤੋਂ ਪਹਿਲਾਂ ਖ਼ਤਮ ਨਹੀਂ ਹੋਵੇਗੀ : ਵਿਗਿਆਨੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਇਕ ਦਿਨ ’ਚ ਰੀਕਾਰਡ 4205 ਮੌਤਾਂ, 3.48 ਲੱਖ ਨਵੇਂ ਮਾਮਲੇ

Coronavirus

ਨਵੀਂ ਦਿੱਲੀ : ਉੱਘੇ ਵਿਸ਼ਾਣੂ ਵਿਗਿਆਨੀ ਸ਼ਾਹਿਦ ਜਮੀਲ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਮੱਠੀ ਹੋਈ ਲੱਗ ਰਹੀ ਹੈ ਪਰ ਇਹ ਪਹਿਲੀ ਲਹਿਰ ਤੋਂ ਜ਼ਿਆਦਾ ਲੰਮੀ ਚੱਲੇਗੀ ਅਤੇ ਜੁਲਾਈ ਤਕ ਜਾਰੀ ਰਹਿ ਸਕਦੀ ਹੈ। ਜਮੀਲ ਅਸ਼ੋਕ ਯੂਨੀਵਰਸਿਟੀ ਵਿਚ ਤਿ੍ਰਵੇਦੀ ਸਕੂਲ ਆਫ਼ ਬਾਇਓਸਾਇੰਸ ਦੇ ਡਾਇਰੈਕਟਰ ਹਨ। ਇੰਡੀਅਨ ਐਕਸਪ੍ਰੈੱਸ ਵਲੋਂ ਆਯੋਜਤ ਇਕ ਆਨਲਾਈਨ ਪ੍ਰੋਗਰਾਮ ਵਿਚ ਜਮੀਲ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਅਪਣੇ ਸਿਖ਼ਰ ’ਤੇ ਪਹੁੰਚ ਗਈ ਹੈ।

ਜਮੀਲ ਨੇ ਕਿਹਾ ਕਿ ਵਾਇਰਸ ਦੇ ਮਾਮਲੇ ਭਾਵੇਂ ਹੀ ਘੱਟ ਹੋ ਗਏ ਹੋਣ ਪਰ ਬਾਅਦ ਦੀ ਸਥਿਤੀ ਵੀ ਆਸਾਨ ਨਹੀਂ ਹੋਣ ਵਾਲੀ। ਇਸ ਦਾ ਅਰਥ ਇਹ ਹੋਇਆ ਕਿ ਮਾਮਲਿਆਂ ਵਿਚ ਕਮੀ ਆਉਣ ਦੇ ਬਾਵਜੂਦ ਸਾਨੂੰ ਰੋਜ਼ਾਨਾ ਵੱਡੀ ਗਿਣਤੀ ਵਿਚ ਵਾਇਰਸ ਨਾਲ ਨਜਿੱਠਣਾ ਹੋਵੇਗਾ। ਵਿਗਿਆਨਕ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਵਿਚ ਮਾਮਲੇ ਪਹਿਲੀ ਲਹਿਰ ਵਾਂਗ ਆਸਾਨੀ ਨਾਲ ਘੱਟ ਨਹੀਂ ਹੋਣਗੇ। ਜਮੀਲ ਨੇ ਦਸਿਆ ਕਿ ਪਹਿਲੀ ਲਹਿਰ ਵਿਚ ਅਸੀਂ ਵੇਖਿਆ ਕਿ ਮਾਮਲਿਆਂ ਵਿਚ ਕਮੀ ਆ ਰਹੀ ਸੀ ਪਰ ਯਾਦ ਰੱਖੋ ਕਿ ਇਸ ਸਾਲ ਭਾਰਤ ਵਿਚ ਪੀੜਤ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

96,000 ਜਾਂ 97,000 ਮਾਮਲਿਆਂ ਦੀ ਥਾਂ ਇਸ ਵਾਰ ਸਾਡੇ ਇੱਥੇ ਇਕ ਦਿਨ ਵਿਚ 4,00,000 ਤੋਂ ਵੱਧ ਮਾਮਲੇ ਆਏ ਹਨ। ਇਸ ਲਈ ਇਸ ਵਿਚ ਲੰਮਾ ਸਮਾਂ ਲਗੇਗਾ। ਭਾਰਤ ’ਚ ਦੂਜੀ ਲਹਿਰ ਕਿਉਂ ਆਈ, ਇਸ ’ਤੇ ਚਰਚਾ ਕਰਦੇ ਹੋਏ ਜਮੀਲ ਨੇ ਕਿਹਾ ਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਭਾਰਤ ਕੁੱਝ ਖ਼ਾਸ ਹੈ ਅਤੇ ਇਥੋਂ ਦੇ ਲੋਕਾਂ ਵਿਚ ਵਿਸ਼ੇਸ਼ ਰੋਗ ਪ੍ਰਤੀਰੋਧਕ ਸਮਰੱਥਾ ਹੈ। ਉਨ੍ਹਾਂ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਬਚਪਨ ਵਿਚ ਸਾਨੂੰ ਬੀ. ਸੀ. ਜੀ. ਦਾ ਟੀਕਾ ਲਗਿਆ ਸੀ।

ਬੀ. ਸੀ. ਜੀ. ਦਾ ਟੀਕਾ ਟੀਬੀ ਤੋਂ ਬਚਾਅ ਲਈ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਨਾ ਕਰ ਕੇ ਕੋਰੋਨਾ ਵਾਇਰਸ ਨੂੰ ਵਧਾ ਦਿਤਾ ਹੈ। ਭਾਰਤ ’ਚ ਕੋਰੋਨਾ ਵਾਇਰਸ ਨਾਲ ਇਕ ਦਿਨ ’ਚ ਸੱਭ ਤੋਂ ਵਧੇਰੇ 4205 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 2,54,197 ਹੋ ਗਈ ਹੈ। ਕੋਰੋਨਾ ਵਾਇਰਸ ਦੇ 3,48,421 ਨਵੇਂ ਮਾਮਲੇ ਸਾਹਮਣੇ ਆਏ ਤੋਂ ਬਾਅਦ ਹੁਣ ਤਕ ਪੀੜਤ ਹੋਏ ਲੋਕਾਂ ਦੀ ਕੁਲ ਗਿਣਤੀ ਵੱਧ ਕੇ 2,33,40, 938 ਹੋ ਗਈ। 

ਜਮੀਲ ਨੇ ਅੱਗੇ ਕਿਹਾ ਕਿ ਦਸੰਬਰ ਆਉਂਦੇ-ਆਉਂਦੇ ਮਾਮਲੇ ਘੱਟ ਹੋਣ ਲੱਗੇ, ਸਾਨੂੰ ਰੋਗ ਪ੍ਰਤੀਰੋਧਕ ਸਮਰੱਥਾ ’ਤੇ ਯਕੀਨ ਹੋਣ ਲੱਗਾ। ਜਨਵਰੀ, ਫਰਵਰੀ ’ਚ ਕਈ ਵਿਆਹ ਹੋਏ, ਜਿਨ੍ਹਾਂ ’ਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ। ਅਜਿਹੇ ਆਯੋਜਨਾਂ ਕਾਰਨ ਵਾਇਰਸ ਤੇਜ਼ੀ ਨਾਲ ਫੈਲਿਆ। ਉਨ੍ਹਾਂ ਨੇ ਚੁਣਾਵੀ ਰੈਲੀਆਂ, ਧਾਰਮਕ ਆਯੋਜਨਾਂ ਨੂੰ ਵੀ ਇਸ ਸ਼੍ਰੇਣੀ ਵਿਚ ਰਖਿਆ।