ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼ ਕਾਰਨ 7 ਮੌਤਾਂ, ਸਕੂਲ ਕੀਤੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਭਾਰਤ ਵਿਚ ਬਾਰਿਸ਼ ਜਿੱਥੇ ਕਈ ਥਾਵਾਂ 'ਤੇ ਲੋਕਾਂ ਲਈ ਵਰਦਾਨ ਸਾਬਤ ਹੋ ਗਈ ਹੈ, ਉਥੇ ਹੀ ਕੁੱਝ ਖੇਤਰਾਂ ਵਿਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ...

Shimla Highway Closed

ਸ਼ਿਮਲਾ : ਉਤਰ ਭਾਰਤ ਵਿਚ ਬਾਰਿਸ਼ ਜਿੱਥੇ ਕਈ ਥਾਵਾਂ 'ਤੇ ਲੋਕਾਂ ਲਈ ਵਰਦਾਨ ਸਾਬਤ ਹੋ ਗਈ ਹੈ, ਉਥੇ ਹੀ ਕੁੱਝ ਖੇਤਰਾਂ ਵਿਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਵਿਚ ਬਾਰਿਸ਼ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਬਾਰਿਸ਼ ਕਾਰਨ ਉਥੇ 7 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਸਥਾਨਾਂ 'ਤੇ ਰਾਤ ਭਰ ਭਾਰੀ ਬਾਰਿਸ਼ ਹੋਈ, ਜਿਸਦੀ ਵਜ੍ਹਾ ਨਾਲ ਪ੍ਰਸ਼ਾਸਨ ਨੂੰ ਸ਼ਿਮਲਾ, ਕਾਂਗੜਾ ਅਤੇ ਸੋਲਨ ਸਮੇਤ ਕਈ ਜ਼ਿਲ੍ਹਿਆਂ ਵਿਚ ਸਕੂਲਾਂ ਨੂੰ ਬੰਦ ਕਰਨਾ ਪਿਆ। 

ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਕੁੱਝ ਇਲਾਕਿਆਂ ਵਿਚ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਬੰਦ ਹੋ ਗਈਆਂ ਹਨ ਜਦਕਿ ਕੁੱਝ ਸੜਕਾਂ ਨੂੰ ਇਹਤਿਆਤ ਦੇ ਤੌਰ 'ਤੇ ਬੰਦ ਕਰ ਦਿਤਾ ਗਿਆ ਹੈ। ਮੌਸਮ ਵਿਭਾਗ ਨੇ ਕਲ ਤਕ ਭਾਰੀ ਬਾਰਿਸ਼ ਦਾ ਸ਼ੱਕ ਜ਼ਾਹਿਰ ਕੀਤਾ ਹੈ। ਹਾਲਾਂਕਿ ਉਨ੍ਹਾਂ ਦਸਿਆ ਕਿ ਉਸ ਤੋਂ ਬਾਅਦ ਬਾਰਿਸ਼ ਵਿਚ ਕਮੀ ਆਏਗੀ। 

ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵਲੋਂ ਮੁਹੱਈਆ ਕਰਵਾਈ ਗਈ ਮੌਸਮ ਸਬੰਧੀ ਜਾਣਕਾਰੀ ਮੁਤਾਬਕ ਪਾਉਂਟਾ ਸਾਹਿਬ ਵਿਚ 239 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਸੁਜਾਨਪੁਰ ਤਿਹਰਾ ਵਿਚ 238 ਮਿਲੀਮੀਟਰ ਬਾਰਿਸ਼ ਹੋਈ ਹੈ। ਸਵੇਰੇ 8:30 ਵਜੇ ਤਕ ਮੰਡੀ 235 ਮਿਲੀਮੀਟਰ, ਪਾਲਮਪੁਰ 212 ਮਿਲੀਮੀਟਰ, ਸ਼ਿਮਲਾ 172.6 ਮਿਲੀਮੀਟਰ, ਧਰਮਸ਼ਾਲਾ 142.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦਸਿਆ ਕਿ ਕਾਇਨੌਰ ਦੇ ਰੋਹਤਾਂਗ ਵਿਚ ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਸਾਂਗਲਾ-ਕਚਰਮ ਮਾਰਗ ਨੂੰ ਬੰਦ ਕਰ ਦਿਤਾ ਗਿਆ ਹੈ। 

ਸ਼ਿਮਲਾ ਵਿਚ ਫੇਜ਼ 3, ਕੰਗਨਾਧਾਰ ਵਿਚ ਜ਼ਮੀਨ ਖਿਸਕਣ ਕਾਰਨ ਇਕ ਗੱਡੀ ਨੁਕਸਾਨੀ ਗਈ। ਕਾਂਗੜਾ ਜ਼ਿਲ੍ਹੇ ਵਿਚ ਵੀ ਜ਼ਮੀਨ ਖਿਸਕਣ ਕਾਰਨ ਕਈ ਸੜਕਾਂ ਨੂੰ ਬੰਦ ਕੀਤਾ ਗਿਆ। ਇਸ ਤੋਂ ਢਿਗਾਂ ਡਿਗਣ ਦੀ ਵਜ੍ਹਾ ਕਰਕੇ ਚੰਬਾ ਜ਼ਿਲ੍ਹੇ ਦੇ ਪੰਜਪੁਲਾ ਵਿਚ ਸੜਕ ਨੂੰ ਬੰਦ ਕਰ ਦਿਤਾ ਗਿਆ। ਇਸ ਤੋਂ ਇਲਾਵਾ ਉਤਰ ਭਾਰਤ ਦੇ ਹੋਰਨਾਂ ਖੇਤਰਾਂ ਵਿਚ ਵੀ ਕਈ ਥਾਵਾਂ 'ਤੇ ਬਾਰਿਸ਼ ਹੋਈ।

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਭਾਰੀ ਬਾਰਿਸ਼ ਹੋਈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿਚ ਵੀ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ 16 ਅਗੱਸਤ ਤਕ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੋਈ ਹੈ। ਇਸ ਦੌਰਾਨ ਕੁੱਝ ਥਾਵਾਂ 'ਤੇ ਭਾਰੀ ਬਾਰਿਸ਼ ਪੈ ਸਕਦੀ ਹੈ।