ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਭਾਗਾਂ 'ਚ ਮੀਂਹ ਦੀ ਛਹਿਬਰ, ਕਈ ਥਾਈਂ ਪਾਣੀ ਭਰਿਆ!

ਏਜੰਸੀ

ਖ਼ਬਰਾਂ, ਰਾਸ਼ਟਰੀ

ਗਰਮੀ ਅਤੇ ਹੁੰਮਸ ਤੋਂ ਮਿਲੀ ਰਾਹਤ, ਕਈ ਥਾਈ ਪਾਣੀ ਭਰਨ ਕਾਰਨ ਪੈਦਾ ਹੋਈਆਂ ਮੁਸ਼ਕਲਾਂ

Heavy Rain

ਨਵੀਂ ਦਿੱਲੀ : ਕੌਮੀ ਰਾਜਧਾਨੀ ਵਿਚ ਵੀਰਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਆਵਾਜਾਈ ਠੱਪ ਹੋ ਗਈ। ਉੱਤਰੀ ਦਿੱਲੀ ਨਗਰ ਨਿਗਮ ਮੁਤਾਬਕ ਮੁਖਰਜੀ ਨਗਰ, ਫ਼ਤਿਹਪੁਰੀ, ਬੁਰਾੜੀ, ਰੋਹਿਣੀ, ਨਰੇਲਾ ਅਤੇ ਪਛਮੀ ਪਟੇਲ ਨਗਰ ਸਣੇ ਉੱਤਰੀ ਦਿੱਲੀ ਦੇ 40 ਤੋਂ ਵੱਧ ਇਲਾਕਿਆ ਵਿਚ ਪਾਣੀ ਭਰ ਗਿਆ।

 ਕੁਲ 41 ਥਾਵਾਂ 'ਤੇ ਪਾਣੀ ਭਰਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਅੱਠ ਥਾਵਾਂ 'ਤੇ ਇਮਾਰਤਾਂ ਦੇ ਹਿੱਸੇ ਡਿੱਗਣ ਅਤੇ ਸੱਤ ਥਾਵਾਂ 'ਤੇ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ। ਦਖਣੀ ਦਿੱਲੀ ਵਿਚ, ਓਖਲਾ ਅਤੇ ਮਾਲਵੀਯ ਨਗਰ ਦੇ ਕੁੱਝ ਹਿੱਸਿਆਂ ਵਿਚ ਰਾਤ ਭਰ ਪਏ ਮੀਂਹ ਮਗਰੋਂ ਲੋਕਾਂ ਦਾ ਬੁਰਾ ਹਾਲ ਹੋ ਗਿਆ।

ਵੱਖ ਵੱਖ ਥਾਈਂ ਆਵਾਜਾਈ ਠੱਪ ਹੋ ਗਈ ਅਤੇ ਸੜਕਾਂ 'ਤੇ ਜਾਮ ਲੱਗਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੂਰਬੀ ਦਿੱਲੀ ਵਿਚ, ਲਕਸ਼ਮੀ ਨਗਰ ਅਤੇ ਕਈ ਹੋਰ ਥਾਵਾਂ 'ਤੇ ਪਾਣੀ ਜਮ੍ਹਾਂ ਹੋਣ ਦੀ ਸੂਚਨਾ ਮਿਲੀ। ਦਿੱਲੀ ਵਿਚ ਵੀਰਵਾਰ ਨੂੰ ਇਸ ਮੌਸਮ ਦੀ ਹੁਣ ਤਕ ਦੀ ਸੱਭ ਤੋਂ ਜ਼ੋਰਦਾਰ ਬਾਰਸ਼ ਹੋਈ। ਮੌਸਮ ਵਿਭਾਗ ਨੇ ਕਿਹਾ ਕਿ ਸ਼ਹਿਰ ਦੇ ਬਹੁਤੇ ਹਿੱਸਿਆਂ ਵਿਚ ਮੀਂਹ ਪਿਆ।

ਇਸੇ ਤਰ੍ਹਾਂ ਦੇਸ਼ ਦੇ ਬਾਕੀ ਭਾਗਾਂ ਅੰਦਰ ਵੀ ਭਾਰੀ ਤੋਂ ਦਰਮਿਆਨੇ ਮੀਂਹ ਦੀਆਂ ਖ਼ਬਰਾਂ ਹਨ। ਹਰਿਆਣਾ ਦੇ ਕਈ ਇਲਾਕਿਆਂ ਅੰਦਰ ਵੀ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਕਈ ਥਾਈ ਸੜਕਾਂ 'ਤੇ ਪਾਣੀ ਭਰਨ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ।

ਬੀਤੀ ਰਾਤ ਤੋਂ ਸ਼ੁਰੂ ਹੋਏ ਮੀਂਹ ਨੇ ਰਾਜਧਾਨੀ ਸਮੇਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਨੇੜਲੇ ਇਲਾਕਿਆਂ 'ਚ ਚੰਗੀ ਛਹਿਬਰ ਲਾਈ। ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਭਾਰੀ ਰਾਹਤ ਮਿਲੀ ਹੈ। ਭਾਵੇਂ ਝੋਨੇ ਦੀ ਫ਼ਸਲ ਲਈ ਇਸ ਮੀਂਹ ਨੂੰ ਲਾਹੇਵੰਦ ਮੰਨਿਆ ਜਾ ਰਿਹਾ ਹੈ, ਪਰ ਮੀਂਹ ਦੇ ਲਗਾਤਾਰ ਪੈਣ ਦੀ ਸੂਰਤ 'ਚ ਨਰਮੇ ਅਤੇ ਸਬਜ਼ੀਆਂ ਸਮੇਤ ਦੂਜੀਆਂ ਫ਼ਸਲਾਂ ਨੂੰ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।