ਮੁੰਬਈ ਵਿਚ ਮੀਂਹ ਨਾਲ ਟੁੱਟਿਆ 46 ਸਾਲ ਦਾ ਰਿਕਾਰਡ, ਸ਼ਹਿਰ ‘ਚ ਐਨਡੀਆਰਐਫ ਦੀਆਂ ਟੀਮਾਂ ਤੈਨਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਮੀਂਹ ਨੇ ਇਕ ਵਾਰ ਫਿਰ ਅਪਣਾ ਕਹਿਰ ਢਾਹਿਆ ਹੈ।

Rain

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਮੀਂਹ ਨੇ ਇਕ ਵਾਰ ਫਿਰ ਅਪਣਾ ਕਹਿਰ ਢਾਹਿਆ ਹੈ। ਮੀਂਹ ਅਤੇ ਤੇਜ਼ ਹਵਾਵਾਂ ਨੇ ਮੁੰਬਈ ਦੀ ਰਫ਼ਤਾਰ ਰੋਕ ਦਿੱਤੀ ਹੈ ਹੈ। ਬੁੱਧਵਾਰ ਨੂੰ 12 ਘੰਟਿਆਂ ਦੀ ਬਾਰਿਸ਼ ਨਾਲ ਮੁੰਬਈ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ। ਕਈ ਥਾਵਾਂ ‘ਤੇ ਦਰੱਖਤ ਡਿੱਗ ਗਏ, ਰੇਲ ਸੇਵਾ ਠੱਪ ਹੋ ਗਈ, ਹਾਈਵੇਅ ਬੰਦ ਹੋ ਗਏ, ਸੜਕਾਂ ਵਿਚ ਪਾਣੀ ਜਮ੍ਹਾਂ ਹੋ ਗਿਆ, ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ।

ਮੁੰਬਈ ਵਿਚ ਅੱਜ ਵੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਮੀਂਹ ਦੇ ਕਹਿਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੱਖਣੀ ਮੁੰਬਈ ਦੇ ਕੋਲਾਬਾ ਮੌਸਮ ਸਟੇਸ਼ਨ ਨੇ ਸਿਰਫ 12 ਘੰਟਿਆਂ ਵਿਚ (ਸਵੇਰੇ 8.30 ਵਜੇ ਤੋਂ ਰਾਤ 8.30 ਵਜੇ ਤੱਕ) 293.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਹੈ। ਦੱਖਣੀ ਮੁੰਬਈ ਦੇ ਲੋਕਾਂ ਨੇ 46 ਸਾਲ ਬਾਅਦ ਅਜਿਹੀ ਬਾਰਿਸ਼ ਦੇਖੀ ਹੈ।

ਸਾਲ 1974 ਤੋਂ ਬਾਅਦ ਅਗਸਤ ਵਿਚ 24 ਘੰਟਿਆਂ ਵਿਚ ਇਹ ਹੁਣ ਤੱਕ ਦੀ ਸਭ ਤੋਂ ਭਿਆਨਕ ਬਾਰਿਸ਼ ਹੈ। ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਹੈ। ਦੱਸ ਦਈਏ ਕਿ ਮੁੰਬਈ ਵਿਚ ਮੀਂਹ ਨਾਲ ਇਸ ਵਾਰ ਵੀ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਅੱਜ ਯਾਨੀ ਵੀਰਵਾਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਮੁੰਬਈ ਅਤੇ ਆਸਪਾਸ ਦੇ ਖੇਤਰਾਂ ਵਿਚ ਭਾਰੀ ਮੀਂਹ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ।  

ਮੁੰਬਈ ਵਿਚ ਕਈ ਥਾਵਾਂ ‘ਤੇ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਐਨਡੀਆਰਐਫ ਦੀਆਂ ਟੀਮਾਂ ਦੀ ਮਦਦ ਲਈ ਜਾ ਰਹੀ ਹੈ। ਐਡੀਆਰਐਫ ਦੀ ਟੀਮ ਨੇ ਕੱਲ ਦੋ ਲੋਕਲ ਟਰੇਨਾਂ ਵਿਚ ਫਸੇ ਕਰੀਬ 290 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਵੱਖ-ਵੱਖ ਇਲਾਕਿਆਂ ਵਿਚ ਐਨਡੀਆਰਐਫ ਦੀਆਂ 16 ਟੀਮਾਂ ਤੈਨਾਤ ਹਨ।  ਮੁੰਬਈ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਘਰਾਂ ਵਿਚ ਹੀ ਰਹਿਣ।