Covid 19: ਇਕ ਦਿਨ ਵਿਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰਿਕਵਰੀ, 24 ਘੰਟਿਆਂ ਵਿਚ 56,383 ਲੋਕ ਹੋਏ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਦੌਰਾਨ ਠੀਕ ਹੋਣ ਵਾਲਿਆਂ ਦੀ ਗਿਣਤੀ 17 ਲੱਖ ਦੇ ਕਰੀਬ ਪਹੁੰਚ ਗਈ ਹੈ।

Coronavirus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਦੌਰਾਨ ਠੀਕ ਹੋਣ ਵਾਲਿਆਂ ਦੀ ਗਿਣਤੀ 17 ਲੱਖ ਦੇ ਕਰੀਬ ਪਹੁੰਚ ਗਈ ਹੈ। ਵੀਰਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਹੁਣ ਤੱਕ 56,383 ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ ਦੇਸ਼ ਭਰ ਵਿਚ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦਾ ਅੰਕੜਾ  1695982 ਪਹੁੰਚ ਗਿਆ ਹੈ।

ਸਿਹਤ ਮੰਤਰਾਲੇ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੀ ਮੌਤ ਦਰ ਵਿਚ ਵੀ ਸੁਧਾਰ ਹੋਇਆ ਹੈ ਅਤੇ ਇਹ ਹੁਣ ਦੋ ਫੀਸਦੀ ਤੋਂ ਹੇਠਾਂ ਆ ਕੇ 1.96 ਫੀਸਦੀ ਹੋ ਗਿਆ ਹੈ। ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 942 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਮ੍ਰਿਤਕਾਂ ਦਾ ਅੰਕੜਾ 47033 ਪਹੁੰਚ ਗਿਆ ਹੈ।

ਹੁਣ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 653622 ਹੈ। ਇਹਨਾਂ ਵਿਚੋਂ ਕੁਝ ਮਰੀਜ਼ ਹਸਪਤਾਲ ਵਿਚ ਹਨ ਜਦਕਿ ਕਈ ਮਰੀਜ਼ਾਂ ਦਾ ਇਲਾਜ ਘਰ ਵਿਚ ਹੀ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸ਼ ਵਿਚ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ 24 ਲੱਖ ਦੇ ਕਰੀਬ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕਰੀਬ 67 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 942 ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਅਪਡੇਟ ਮੁਤਾਬਕ ਕੁੱਲ ਮਰੀਜਾਂ ਦੀ ਗਿਣਤੀ 23 ਲੱਖ 96 ਹਜ਼ਾਰ 637 ਹੈ।

ਇੰਡੀਅਨ ਮੈਡੀਕਲ ਕਾਂਊਸਿਲ ਰਿਸਰਚ ਇੰਸਟੀਚਿਊਟ ਮੁਤਾਬਕ ਦੇਸ਼ ਵਿਚ 12 ਅਗਸਤ ਤੱਕ ਕੁੱਲ 2,68,45,688 ਨਮੂਨਿਆਂ ਦੀ ਜਾਂਚ ਕੀਤੀ ਗਈ।ਲਾਗ ਨਾਲ ਪਿਛਲੇ 24 ਘੰਟਿਆਂ ਵਿਚ ਹੋਈਆਂ 942 ਮੌਤਾਂ ਵਿਚ ਮਹਾਰਾਸ਼ਟਰ ਵਿਚ 344, ਤਮਿਲਨਾਡੂ ਵਿਚ 119, ਕਰਨਾਟਕ ਵਿਚ 112, ਆਂਧਰਾ ਪ੍ਰਦੇਸ਼ ਵਿਚ 93, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ 54-54, ਪੰਜਾਬ ਵਿਚ 39, ਗੁਜਰਾਤ ਵਿਚ 18, ਮੱਧ ਪ੍ਰਦੇਸ਼ ਵਿਚ 15, ਦਿੱਲੀ ਵਿਚ 14 ਅਤੇ ਤੇਲੰਗਾਨਾ ਅਤੇ ਰਾਜਸਥਾਨ ਵਿਚ 11-11 ਲੋਕ ਸ਼ਾਮਲ ਹਨ।