ਤੂਫਾਨ ਤੋਂ ਬਾਅਦ ਢਿੱਗਾਂ ਡਿਗਣ ਨਾਲ 12 ਦੀ ਮੌਤ, 4 ਲਾਪਤਾ
ਓਡੀਸ਼ਾ ਦੇ ਗਜਪਤੀ ਜਿਲੇ ਵਿਚ ਤਿਤਲੀ ਤੁਫਾਨ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਢਿੱਗਾਂ ਡਿਗਣ ਨਾਲ ਘੱਟ ਤੋਂ ਘੱਟ 12 ਲੋਕਾਂ ਦੇ ਮਰਨ ਦਾ ਖਦਸ਼ਾ ਹੈ।
ਭੁਵਨੇਸ਼ਵਰ, ( ਪੀਟੀਆਈ ) : ਓਡੀਸ਼ਾ ਦੇ ਗਜਪਤੀ ਜਿਲੇ ਵਿਚ ਤਿਤਲੀ ਤੁਫਾਨ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਢਿੱਗਾਂ ਡਿਗਣ ਨਾਲ ਘੱਟ ਤੋਂ ਘੱਟ 12 ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸੇਸ਼ ਰਾਹਤ ਕਮਿਸ਼ਨਰ ਬੀ.ਪੀ.ਸੇਠੀ ਨੇ ਦਸਿਆ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਸ਼ੁਕਰਵਾਰ ਸ਼ਾਮ ਨੂੰ ਭਾਰੀ ਮੀਂਹ ਤੋਂ ਬਾਅਦ ਕੁਝ ਪਿੰਡ ਵਾਸੀਆਂ ਨੇ ਇਕ ਗੁਫਾ ਵਰਗੀ ਜਗ੍ਹਾ ਤੇ ਸ਼ਰਣ ਲੈ ਲਈ। ਸੇਠੀ ਨੇ ਦਸਿਆ ਕਿ ਗਜਪਤੀ ਜਿਲੇ ਦੇ ਰਾਇਗੜਾ ਬਲਾਕ ਅਧੀਨ ਆਉਂਦੇ ਬਰਘਰਾ ਪਿੰਡ ਵਿਚ ਪਏ ਭਾਰੀ ਮੀਂਹ ਕਾਰਣ ਢਿੱਗਾਂ ਡਿੱਗਣ ਨਾਲ 12 ਲੋਕਾਂ ਦੇ ਮਰਨ ਦੀ ਖ਼ਬਰ ਹੈ।
ਉਨਾਂ ਦਸਿਆ ਕਿ 4 ਲੋਕ ਲਾਪਤਾ ਹਨ ਅਤੇ ਉਨਾਂ ਦੇ ਮਲਬੇ ਵਿਚ ਦੱਬੇ ਜਾਣ ਦਾ ਖਦਸ਼ਾ ਹੈ। ਉਨਾਂ ਦਸਿਆ ਕਿ ਗਜਪਤੀ ਜਿਲ੍ਹੇ ਦੇ ਜਿਲ੍ਹਾ ਅਧਿਕਾਰੀ ਨੂੰ ਹਾਦਸੇ ਵਾਲੀ ਥਾਂ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਸਬੰਧੀ ਵਿਸਤਾਰਪੂਰਵਕ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੇਠੀ ਨੇ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਸਰਕਾਰੀ ਪ੍ਰਬੰਧਾਂ ਮੁਤਾਬਰ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਅਧਿਕਾਰੀ ਨੇ ਦਸਿਆ ਕਿ ਲਗਾਤਾਰ ਪੈ ਰਹੇ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਵਿਚ ਕੌਮੀ ਆਪਦਾ ਪ੍ਰਬੰਧਨ ਫੋਰਸ ਦੇ ਕਰਮਚਾਰੀਆਂ ਸਹਿਤ ਬਚਾਅ ਦਲ ਨੂੰ ਭੇਜਿਆ ਗਿਆ ਹੈ। ਪਾਲਸਾ ਦੇ ਨੇੜੇ ਗੋਪਾਲਪੁਰ ਦੇ ਦਖਣ-ਪੱਛਮ ਵਿਚ ਵੀਰਵਾਰ ਨੂੰ ਚੱਕਰਵਾਤ ਕਾਰਣ ਢਿੱਗਾਂ ਡਿਗੀਆਂ ਸਨ। ਹੋਰਨਾਂ ਇਲਾਕਿਆਂ ਵਿਚ ਪਾਣੀ ਘਟਣ ਦੇ ਨਾਲ ਹੀ ਰਾਹਤ ਅਤੇ ਬਚਾਅ ਮੁਹਿੰਮ ਜ਼ੋਰ ਫੜਨ ਲਗੀ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਵਿਚ ਚੱਕਰਵਾਤ ਤਿਤਲੀ ਕਾਰਨ 60 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਤੇ ਸੱਭ ਤੋਂ ਵੱਧ ਗੰਜਮ ਜਿਲਾ ਪ੍ਰਭਾਵਿਤ ਹੋਇਆ ਹੈ।