ਬਿਹਾਰ 'ਚ ਪੁਲਿਸ ਅਤੇ ਬਦਮਾਸ਼ਾਂ ਦੀ ਮੁਠਭੇੜ ਦੌਰਾਨ ਥਾਣਾ ਇੰਚਾਰਜ ਸ਼ਹੀਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਖਗੜਿਆ ਜਿਲ੍ਹੇ ਵਿਚ ਸ਼ੁਕਰਵਾਰ ਨੂੰ ਅਪਰਾਧੀਆਂ ਨਾਲ ਹੋਈ ਮੁਠਭੇੜ ਵਿਚ ਪਸਰਾਹਾ ਦੇ ਥਾਣਾ ਇੰਚਾਰਜ ਆਸ਼ੀਸ਼ ਕੁਮਾਰ ਸਿੰਘ ਸ਼ਹੀਦ ਹੋ ਗਏ

Martyr Ashish Singh

ਖਗੜਿਆ, ( ਪੀਟੀਆਈ ) : ਬਿਹਾਰ ਦੇ ਖਗੜਿਆ ਜਿਲ੍ਹੇ ਵਿਚ ਸ਼ੁਕਰਵਾਰ ਨੂੰ ਅਪਰਾਧੀਆਂ ਨਾਲ ਹੋਈ ਮੁਠਭੇੜ ਵਿਚ ਪਸਰਾਹਾ ਦੇ ਥਾਣਾ ਇੰਚਾਰਜ ਆਸ਼ੀਸ਼ ਕੁਮਾਰ ਸਿੰਘ ਸ਼ਹੀਦ ਹੋ ਗਏ ਜਦਕਿ ਇਕ ਹੋਰ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ। ਇਸ ਮੁਠਭੇੜ ਵਿਚ ਇਕ ਅਪਰਾਧੀ ਦੇ ਮਾਰੇ ਜਾਣ ਦੀ ਵੀ ਖਬਰ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਸਰਾਹਾ ਦੇ ਥਾਣਾ ਮੁਖੀ ਆਸ਼ੀਸ਼ ਸਿੰਘ ਨੂੰ ਖਗੜਿਆ ਅਤੇ ਨਵਗਾਛਿਆ ਹੱਦ ਤੇ ਸਲਾਲਪੁਰ ਦੁਧੌਰਾ ਦਿਆਰਾ ਖੇਤਰ ਵਿਖੇ ਬਦਨਾਮ ਅਪਰਾਧੀ ਦਿਨੇਸ਼ ਮੁਨੀ ਗਿਰੋਹ ਦੇ ਹੋਣ ਦੀ ਖ਼ਬਰ ਮਿਲੀ ਸੀ।

ਥਾਣਾ ਮੁਖੀ ਹੋਰਨਾਂ ਪੁਲਿਸ ਕਰਮਚਾਰੀਆਂ ਨਾਲ ਰਾਤ ਦੋ ਵਜੇ ਅਪਰਾਧੀਆਂ ਦੀ ਗਿਰਫਤਾਰੀ ਲਈ ਉਥੇ ਪਹੁੰਚ ਗਏ। ਝੋਂਪੜੀ ਵਿਚ ਲੁਕੇ ਹੋਏ ਅਪਰਾਧੀਆਂ ਨੇ ਪੁਲਿਸ ਨੂੰ ਵੇਖਦਿਆਂ ਹੀ ਗੋਲੀਬਾਰੀ ਸ਼ੁਰੂ ਕਰ ਦਿਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਪਰ ਮੁਠਭੇੜ ਵਿਚ ਆਸ਼ੀਸ਼ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਆਸ਼ੀਸ਼ ਕੁਮਾਰ ਪਿਛਲੇ ਸਾਲ ਵੀ ਅਪਰਾਧੀਆਂ ਨਾਲ ਹੋਈ ਮੁਠਭੇੜ ਵਿਚ ਮੁਫਸਿਲ ਥਾਣਾ ਖੇਤਰ ਵਿਚ ਗੋਲੀ ਲਗਣ ਨਾਲ ਜ਼ਖ਼ਮੀ ਹੋ ਗਏ ਸਨ।

ਉਹ ਨਕਸਲੀਆਂ ਦੇ ਨਿਸ਼ਾਨੇ ਤੇ ਵੀ ਰਹਿ ਚੁੱਕੇ ਹਨ। ਸ਼ਹੀਦ ਥਾਣਾ ਮੁਖੀ ਆਸ਼ੀਸ਼ ਸਿੰਘ 2009 ਬੈਚ ਦੇ ਸਨ। ਉਹ ਸਹਰਸਾ ਜਿਲ੍ਹੇ ਦੇ ਬਲਵਾਹ ਖੇਤਰ ਦੇ ਰਹਿਣ ਵਾਲੇ ਸਨ। ਇਸ ਘਟਨਾ ਤੋਂ ਬਾਅਦ ਉਸ ਖੇਤਰ ਦੇ ਸੀਨੀਅਰ ਪੁਲਿਸ ਅਧਿਕਾਰੀ ਦੀ ਅਗਵਾਈ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਗਈ ਹੈ। ਜ਼ਖ਼ਮੀ ਪੁਲਿਸ ਕਰਮਚਾਰੀ ਨੂੰ ਇਲਾਜ ਲਈ ਭਾਗਲਪੁਰ ਭੇਜਿਆ ਗਿਆ ਹੈ।