ਅਭਿਜੀਤ ਕਤਲਕਾਂਡ : ਮਾਂ ਦੇ ਨਾਲ ਕਤਲ 'ਚ ਸ਼ਾਮਲ ਸੀ ਘਰ ਦਾ ਨੌਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੀ ਵਿਧਾਨਕ ਕੌਂਸਲ ਦੇ ਪ੍ਰਧਾਨ ਰਮੇਸ਼ ਯਾਦਵ ਦੇ ਬੇਟੇ ਅਭਿਜੀਤ ਯਾਦਵ ਉਰਫ ਵਿੱਕੀ ਦੇ ਕਤਲ ਵਿਚ ਉਸ ਦਾ ਨੌਕਰ ਵੀ ਸ਼ਾਮਲ ਸੀ।

Murder

ਉਤਰ ਪ੍ਰਦੇਸ਼,  ( ਪੀਟੀਆਈ ) : ਉਤਰ ਪ੍ਰਦੇਸ਼ ਦੀ ਵਿਧਾਨਕ ਕੌਂਸਲ ਦੇ ਪ੍ਰਧਾਨ ਰਮੇਸ਼ ਯਾਦਵ ਦੇ ਬੇਟੇ ਅਭਿਜੀਤ ਯਾਦਵ ਉਰਫ ਵਿੱਕੀ ਦੇ ਕਤਲ ਵਿਚ ਉਸ ਦਾ ਨੌਕਰ ਵੀ ਸ਼ਾਮਲ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਵਿਵਾਦਤ ਕਤਲਕਾਂਡ ਤੋਂ ਬਾਅਦ ਘਰ ਦਾ ਨੋਕਰ ਫ਼ਰਾਰ ਸੀ। ਰਮੇਸ਼ ਯਾਦਵ ਦੇ 24 ਸਾਲਾ ਬੇਟੇ ਅਭਿਜੀਤ ਯਾਦਵ ਉਰਫ ਵਿੱਕੀ ਦੀ 20 ਅਕਤੂਬਰ ਦੀ ਰਾਤ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਇਸ ਕਤਲ ਦੀ ਮੁਖ ਦੋਸ਼ੀ ਮ੍ਰਿਤਕ ਦੀ ਮਾਂ ਮੀਰਾ ਯਾਦਵ ਹੈ ਜੋ ਇਸ ਵੇਲੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਕਾਰਨ ਜੇਲ ਵਿਚ ਬੰਦ ਹੈ।

ਪੁਲਿਸ ਨੌਕਰ ਤੋਂ ਪੁਛਗਿਛ ਕਰ ਰਹੀ ਹੈ। ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 21 ਅਕਤੂਬਰ ਦੀ ਸਵੇਰ ਰਮੇਸ਼ ਯਾਦਵ ਦੇ ਘਰ ਵਿਚ ਦੇਰ ਰਾਤ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ। ਪਰ ਮਾਂ ਪੁਲਿਸ ਨੂੰ ਇਹ ਕਹਿ ਕੇ ਭੇਜ ਦਿੰਦੀ ਹੈ ਕਿ ਬੇਟੇ ਨੂੰ ਰਾਤ ਦਿਲ ਦਾ ਦੌਰਾ ਪਿਆ ਸੀ। ਪਰ ਪੋਸਟਮਾਰਟਮ ਦੀ ਰੀਪੋਰਟ ਤੋਂ ਪਤਾ ਚਲਦਾ ਹੈ ਕਿ ਮੌਤ ਗਲਾ ਘੋਟਣ ਨਾਲ ਹੋਈ ਹੈ। ਸ਼ੱਕ ਮਾਂ ਤੇ ਜਾਂਦਾ ਹੈ ਤੇ ਮਾਂ ਫੜ੍ਹੀ ਜਾਂਦੀ ਹੈ। ਕਤਲ ਦੀ ਗੱਲ ਵੀ ਕਬੂਲ ਲੈਂਦੀ ਹੈ ਪਰ ਕੁਝ ਘੰਟਿਆਂ ਬਾਅਦ ਕਹਿੰਦੀ ਹੈ ਕਿ ਬੇਟੇ ਦਾ ਕਤਲ ਉਸ ਨੇ ਨਹੀਂ ਕਿਸੇ ਹੋਰ ਨੇ ਕੀਤਾ ਹੈ। ਪੁਲਿਸ ਨੇ ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਹੈ

ਉਹ ਰਮੇਸ਼ ਯਾਦਵ ਦੀ ਦੂਜੀ ਪਤਨੀ ਮੀਰਾ ਯਾਦਵ ਹੈ। ਪਤਨੀ ਹੋਣ ਦੇ ਨਾਲ-ਨਾਲ ਮੀਰਾ ਯਾਦਵ ਨਰੇਸ਼ ਯਾਦਵ ਦੇ ਦੋ ਜਵਾਨ ਬੇਟਿਆਂ ਦੀ ਮਾਂ ਵੀ ਹੈ। ਉਨਾਂ ਦੋ ਬੇਟਿਆਂ ਵਿਚੋਂ ਇਕ 24 ਸਾਲ ਦੇ ਇੱਕ ਬੇਟੇ ਅਭਿਜੀਤ ਦੀ ਮੌਤ ਤੇ ਉਹ ਕਹਿੰਦੀ ਹੈ ਕਿ ਬੇਟਾ ਦਿਲ ਦੇ ਦੌਰੇ ਨਾਲ ਮਰਿਆ ਹੈ। ਲਖਨਊ ਦੇ ਦਾਰੂਲਸ਼ਫਾ ਦੇ ਬੀ-ਬਲਾਕ ਦੇ ਫਲੈਟ ਨੰਬਰ-137 ਤੋਂ ਇਹੀ ਖ਼ਬਰ ਆਈ ਸੀ। ਮਾਮਲਾ ਵਿਧਾਨਕ ਕੌਂਸਲ ਦੇ ਬੇਟੇ ਦੀ ਮੌਤ ਦਾ ਹੋਣ ਕਾਰਨ ਪੁਲਿਸ ਘਰ ਪਹੁੰਚੀ। ਪਰ ਮਾਂ ਦੀ ਗੱਲ ਤੇ ਪੁਲਿਸ ਨੇ ਯਕੀਨ ਕਰ ਲਿਆ।

ਇਸ ਤੋਂ ਪਹਿਲਾਂ ਅਭਿਜੀਤ ਦਾ ਅੰਤਿਮ ਸੰਸਕਾਰ ਹੁੰਦਾ ਇਕ ਵਾਰ ਫਿਰ ਪੁਲਿਸ ਪਹੁੰਚ ਜਾਂਦੀ ਹੈ। ਇਸ ਵਾਰ ਪੁਲਿਸ ਨੇ ਕਿਸੇ ਦੀ ਨਹੀਂ ਸੁਣੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਪੋਸਟਮਾਰਟਮ ਰੀਪੋਰਟ ਵਿਚ ਜੋ ਸਾਹਮਣੇ ਆਇਆ ਉਸ ਨਾਲ ਕਹਾਣੀ ਬਦਲ ਗਈ। ਪੁਲਿਸ ਮਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਇਸ ਵਾਰ ਕਹਿੰਦੀ ਹੈ ਕਿ ਉਸੇ ਨੇ ਅਪਣੇ ਬੇਟੇ ਅਭਿਜੀਤ ਨੂੰ ਚੁੰਨੀ ਨਾਲ ਗਲਾ ਘੋਟ ਕੇ ਮਾਰ ਦਿਤਾ ਕਿਉਂਕਿ ਰਾਤ ਨਸ਼ੇ ਦੀ ਹਾਲਤ ਵਿਚ ਘਰ ਆਉਣ ਤੇ ਅਭਿਜੀਤ ਨੇ ਉਸ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ।

ਮਾਂ ਵਲੋਂ ਜ਼ੁਰਮ ਕਬੂਲ ਲਏ ਜਾਣ ਤੋਂ ਬਾਅਦ ਲਖਨਊ ਪੁਲਿਸ ਮੀਰਾ ਯਾਦਵ ਨੂੰ ਲੈ ਕੇ ਅਦਾਲਤ ਪੁੱਜੀ ਤਾਂ ਮੀਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਉਸ ਨੂੰ ਫਸਾਇਆ ਜਾ ਰਿਹਾ ਹੈ। ਮੀਰਾ ਨੇ 24 ਘੰਟੇ ਅੰਦਰ 5 ਵਾਰ ਬਿਆਨ ਬਦਲੇ। ਇਹ ਕੇਸ ਹੁਣ ਰਹੱਸ ਬਣਦਾ ਜਾ ਰਿਹਾ ਹੈ। ਪਹਿਲਾਂ ਕਿਹਾ ਗਿਆ ਸੀ ਕਿ ਕਤਲ ਦੇ ਮੌਕੇ ਅਭਿਜੀਤ ਦਾ ਵੱਡਾ ਭਰਾ ਘਰ ਵਿਚ ਨਹੀਂ ਸੀ। ਪਰ ਹੁਣ ਕਿਹਾ ਜਾ ਰਿਹਾ ਹੈ ਕਿ ਅਭਿਜੀਤ ਦੀ ਮੌਤ ਵੇਲੇ ਉਸ ਦਾ ਭਰਾ ਅਭਿਸ਼ੇਕ ਵੀ ਘਰ ਵਿਚ ਹੀ ਮੋਜੂਦ ਸੀ। ਪੁਲਿਸ ਨੇ ਉਸ ਨੂੰ ਵੀ ਪੁਛਗਿਛ ਲਈ ਹਿਰਾਸਤ ਵਿਚ ਲਿਆ ਹੈ।

ਮੀਰਾ ਨੇ ਅਪਣੇ ਪਤੀ ਰਮੇਸ਼ ਯਾਦਵ ਤੇ ਵੀ ਸਾਜਸ਼ ਤਹਿਤ ਉਸ ਨੂੰ ਫਸਾਉਣ ਦਾ ਦੋਸ਼ ਲਗਾ ਦਿਤਾ ਹੈ। ਰਮੇਸ਼ ਯਾਦਵ ਦੀਆਂ ਦੋ ਪਤਨੀਆਂ ਹਨ। ਪਹਿਲੀ ਪਤਨੀ ਯੂਪੀ ਦੇ ਏਟਾ ਵਿਖੇ ਰਹਿੰਦੀ ਹੈ ਜਿਸ ਦੀ ਇਕ ਬੇਟੀ ਤੇ ਇਕ ਬੇਟਾ ਹੈ। ਜਦਕਿ ਮੀਰਾ ਯਾਦਵ ਉਸ ਦੀ ਦੂਜੀ ਪਤਨੀ ਹੈ। ਜੋ ਦਾਰੂਲਸ਼ਫਾ ਦੇ ਬੀ-ਬਲਾਕ ਦੇ ਫਲੈਟ ਨੰਬਰ-137 ਵਿਖੇ ਦੋ ਬੇਟਿਆਂ ਅਭਿਸ਼ੇਕ ਅਤੇ ਅਭਿਜੀਤ ਨਾਲ ਰਹਿੰਦੀ ਹੈ। ਪੁਲਿਸ ਇਸ ਜਾਂਚ ਵਿਚ ਲਗੀ ਹੋਈ ਹੈ ਕਿ ਕਤਲ ਵੇਲੇ ਕੋਈ ਹੋਰ ਵੀ ਫਲੈਟ ਵਿਚ ਮੌਜੂਦ ਸੀ ਜਾਂ ਨਹੀਂ। ਰਮੇਸ਼ ਯਾਦਵ ਇਸ ਬਾਰੇ ਕੁਝ ਵੀ ਬੋਲਣ ਨੂੰ ਰਾਜ਼ੀ ਨਹੀਂ ਹਨ।