ਮੇਰੀ ਜਾਨ ਨੂੰ ਖਤਰਾ, 11 ਲੋਕ ਮੇਰੇ ਕਤਲ ਲਈ ਹੈਦਰਾਬਾਦ ਆਏ : ਓਵੈਸੀ
ਅਕਬਰੂਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਕਤਲ ਕਰ ਦੇਣਗੇ।
ਹੈਦਰਾਬਾਦ , ( ਭਾਸ਼ਾ ) : ਏਆਈਐਮਆਈਐਮ ਨੇਤਾ ਅਕਬਰੂਦੀਨ ਓਵੈਸੀ ਨੇ ਦਾਵਾ ਕੀਤਾ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ 11 ਲੋਕ ਉਨ੍ਹਾਂ ਦੇ ਕਤਲ ਲਈ ਹੈਦਰਾਬਾਦ ਆਏ ਹਨ। ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਅਕਬਰੂਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਧਮਕੀ ਭਰੀਆਂ ਚਿੱਠੀਆਂ ਮਿਲੀਆਂ ਹਨ ਅਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਕਤਲ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਫਿਰ ਤੋਂ ਕਹਿ ਰਹੇ ਹਨ ਕਿ ਉਹ ਮੇਰਾ ਕਤਲ ਕਰ ਦੇਣਗੇ। ਮੈਨੂੰ ਚਿੱਠੀਆਂ ਮਿਲੀਆਂ ਹਨ ਅਤੇ ਫੋਨ ਆਏ ਹਨ ਕਿ ਅਕਬਰ ਓਵੈਸੀ ਅਸੀਂ ਤੈਨੂੰ ਮਾਰ ਦੇਵਾਂਗੇ।
ਉਨ੍ਹਾਂ ਨੇ ਦਾਵਾ ਕੀਤਾ ਕਿ ਉਨ੍ਹਾਂ ਨੂੰ ਖ਼ਬਰਾਂ ਮਿਲੀਆਂ ਹਨ ਕਿ ਬਨਾਰਸ, ਇਲਾਹਾਬਾਦ ਅਤੇ ਕਰਨਾਟਕਾ ਤੋਂ 11 ਲੋਕ ਉਨ੍ਹਾਂ ਨੂੰ ਮਾਰਨ ਲਈ ਸ਼ਹਿਰ ਵਿਚ ਆਏ ਹਨ। 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਚੰਦਰਯਾਨਗੱਟਾ ਸੀਟ ਤੋਂ ਚੋਣ ਲੜ ਰਹੇ ਅਕਬਰੂਦੀਨ ਨੇ ਕਿਹਾ ਕਿ ਮੈਂ ਮਰਨ ਲਈ ਅਤੇ ਗੋਲੀ ਖਾਣ ਲਈ ਤਿਆਰ ਹਾਂ, ਪਿੱਠ ਤੇ ਨਹੀਂ। ਉਨ੍ਹਾਂ ਨੇ 30 ਅਪ੍ਰੈਲ 2011 ਦੇ ਉਸ ਹਾਦਸੇ ਨੂੰ ਯਾਦ ਕੀਤਾ ਜਦੋਂ ਇਥੇ ਇਕ ਸਮੂਹ ਨੇ ਬਾਰਕਾਸ ਵਿਖੇ ਐਮਆਈਐਮ ਦਫਤਰ ਦੇ ਕੋਲ ਧਾਰਦਾਰ ਹੱਥਿਆਰਾਂ ਨਾਲ ਉਨ੍ਹਾਂ ਤੇ ਹਮਲਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਤਿੰਨ ਗੋਲੀਆਂ ਲਗਣ ਤੋਂ ਬਾਅਦ ਵੀ ਉਹ ਜਿੰਦਾ ਬੱਚ ਗਏ। ਐਮਾਈਐਮਆਈਐਮ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਮੰਤਰੀ ਅਸੂਦੀਨ ਓਵੈਸੀ ਦੇ ਛੋਟੇ ਭਰਾ ਨੇ ਕਿਹਾ ਕਿ ਤਿੰਨ ਗੋਲੀਆਂ ਲਗਣ ਤੋਂ ਬਾਅਦ ਵੀ ਮੈਂ ਮਰਿਆ ਨਹੀਂ। ਕੀ ਤੁਹਾਡੀਆਂ ਗੋਲੀਆਂ ਮੈਨੂੰ ਮਾਰ ਸਕਣਗੀਆਂ ? ਮਈ 2014 ਵਿਚ ਉਨ੍ਹਾਂ ਦੇ ਕਤਲ ਦੀ ਸਾਜਸ਼ ਦੇ ਸਬੰਧ ਵਿਚ ਅਕਬਰੂਦੀਨ ਨੇ ਦੋਸ਼ ਲਗਾਇਆ ਕਿ ਕੁਝ ਹਮਲਾਵਰ ਇਸ ਕੰਮ ਨੂੰ ਪੂਰਾ ਕਰਨ ਲਈ ਬੇਂਗਲੁਰੂ ਤੋਂ ਇਥੇ ਆਏ ਸਨ।
ਮਈ 2014 ਵਿਚ ਕਰਨਾਟਕ ਪੁਲਿਸ ਨੇ ਅਕਬਰੂਦੀਨ ਦੇ ਕਤਲ ਦੀ ਸਾਜਸ਼ ਦਾ ਕਥਿਤ ਰੂਪ ਨਾਲ ਖੁਲਾਸਾ ਕਰਨ ਤੋਂ ਬਾਅਦ ਚਾਰ ਲੋਕਾਂ ਨੂੰ ਗਿਰਫਤਾਰ ਕੀਤਾ ਸੀ। ਅਕਬਰੂਦੀਨ ਦੇ ਦਾਵੇ ਤੇ ਪ੍ਰਤਿਕਿਰਿਆ ਦਿੰਦੇ ਹੋਏ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ ਤੇ ਅਸੀਂ ਇਸ ਕੰਮ ਵਿਚ ਲੱਗੇ ਹੋਏ ਹਾਂ।