ਟੋਲ ਕੀਮਤਾਂ ਘਟਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀਮਤਾਂ ਘੱਟ ਹੋਣ ਨਾਲ ਲੋਕਾਂ ਨੂੰ ਮਿਲੇਗੀ ਰਾਹਤ

NHAI

ਨਵੀਂ ਦਿੱਲੀ : ਦੇਸ਼ ਭਰ ਦੇ ਸਾਰੇ ਟੋਲ ਪਲਾਜਿਆਂ 'ਤੇ ਅਗਲੇ ਸਾਲ ਤੋਂ ਟੋਲ ਦੀਆਂ ਕੀਮਤਾਂ ਘੱਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਟੋਲ ਰੇਟ ਘੱਟ ਕਰਨ ਲਈ ਡਰਾਫਟ ਵੀ ਤਿਆਰ ਕਰ ਲਿਆ ਹੈ।  ਸਰਕਾਰ ਫ਼ਿਲਹਾਲ ਕੁੱਲ ਕਿਲੋਮੀਟਰ ਦੇ ਦਸ ਗੁਣਾ ਦੇ ਹਿਸਾਬ ਨਾਲ ਟੋਲ ਟੈਕਸ ਵਸੂਲਦੀ ਹੈ। ਇਸ ਵਿਚ ਸੋਧ ਹੋਣ ਨਾਲ ਆਮ ਲੋਕਾਂ ਦੀ ਜੇਬ ਵਿਚ ਬੋਝ ਘੱਟ ਪਵੇਗਾ।

ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਮੁਤਾਬਕ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਟੋਲ ਟੈਕਸ ਦੀਆਂ ਕੀਮਤਾਂ ਨੂੰ ਘਟਾਉਣ ਜਾ ਰਿਹਾ ਹੈ। ਇਸ ਦੇ ਲਈ ਖਰੜਾ ਵੀ ਤਿਆਰ ਹੋ ਚੁੱਕਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਬਣਤਰ ਦੀ ਲੰਬਾਈ ਦੇ ਅਨੁਸਾਰ 10 ਗੁਣਾ ਟੈਕਸ ਲਿਆ ਜਾਂਦਾ ਸੀ ਪਰ ਹੁਣ ਨਵੇਂ ਨਿਯਮ ਆਉਣ ਨਾਲ 5 ਗੁਣਾ ਟੈਕਸ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਟੋਲ ਦੀਆਂ ਕੀਮਤਾਂ ਸਿਰਫ਼ ਉਚਾਈ ਵਾਲੇ ਰੋਡ ਅਤੇ ਫਲਾਈਓਵਰ ਦੇ ਲਈ ਘੱਟ ਕੀਤੀਆਂ ਜਾਣਗੀਆਂ। ਉੱਥੇ ਹੀ ਆਮ ਸੜਕਾਂ 'ਤੇ ਟੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

ਐਨਏਐਚਆਈ ਅਧਿਕਾਰੀ ਨੇ ਨਵੇਂ ਟੋਲ ਰੇਟਾਂ ਨੂੰ ਲੈ ਕੇ ਕਿਹਾ ਕਿ ਇਸ ਸਾਲ ਦੇ ਆਖਰ ਵਿਚ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਨਿਯਮ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਟੋਲ ਭਰਨ ਵਿਚ ਕਾਫ਼ੀ ਰਾਹਤ ਮਿਲੇਗੀ। ਸਰਕਾਰ ਜੇਕਰ ਇਹ ਨਿਯਮ ਲਾਗੂ ਕਰਦੀ ਹੈ ਤਾਂ ਸ਼ਹਿਰਾਂ ਦੇ ਅੰਦਰ ਬਣੀ ਉੱਚੀਆਂ  ਸੜਕਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਲੋਕਾਂ ਨੂੰ ਘੱਟ ਪੈਸੇ ਖਰਚ ਕਰਨੇ ਪੈਣਗੇ।