ਟੋਲ ਟੈਕਸ ਮੰਗਣ 'ਤੇ ਕਾਰ ਸਵਾਰ ਦੀ ਗੁੰਡਾਗਰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਲਾ ਟੋਲ ਮੁਲਾਜ਼ਮ ਨੂੰ ਮਾਰਿਆ ਘਸੁੰਨ

Car driver assaults female toll plaza employee in Gurugram

ਗੁਰੂਗ੍ਰਾਮ : ਖੇੜਕੀ ਦੌਲਾ ਟੋਲ ਪਲਾਜ਼ਾ ਗੁੰਡਾਗਰਦੀ ਦਾ ਅੱਡਾ ਬਣਦਾ ਜਾ ਰਿਹਾ ਹੈ। ਇਥੇ ਟੋਲ ਨਾ ਦੇਣ ਦੇ ਨਾਂ 'ਤੇ ਗੁੰਡਾਗਰਦੀ ਕੀਤੀ ਜਾਂਦੀ ਹੈ। ਤਾਜ਼ਾ ਮਾਮਲਾ 21 ਜੂਨ ਦੀ ਸਵੇਰ ਦਾ ਹੈ। ਇਕ ਗੱਡੀ ਚਾਲਕ ਨੇ ਟੋਲ ਮੰਗਣ 'ਤੇ ਮਹਿਲਾ ਟੋਲ ਮੁਲਾਜ਼ਮ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਉਸ ਦੀ ਨੱਕ 'ਚੋਂ ਖ਼ੂਨ ਨਿਕਲਣ ਲੱਗਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੂਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਟੋਲ ਪ੍ਰਸ਼ਾਸਨ ਨੇ ਗੁਰੂਗ੍ਰਾਮ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਸੀਸੀਟੀਵੀ ਫੁਟੇਜ਼ ਮੁਤਾਬਕ ਸ਼ੁਕਰਵਾਰ ਸਵੇਰੇ 8:49 ਵਜੇ ਇਕ ਕਾਲੇ ਰੰਗ ਦੀ ਐਸਯੂਵੀ ਗੱਡੀ ਟੋਲ ਬੂਥ 'ਤੇ ਰੁੱਕਦੀ ਹੈ। ਟੋਲ ਪਲਾਜ਼ਾ 'ਤੇ ਉਸ ਸਮੇਂ ਇਕ ਮਹਿਲਾ ਮੁਲਾਜ਼ਮ ਕੰਮ ਕਰ ਰਹੀ ਸੀ। ਉਸ ਨੇ ਗੱਡੀ ਚਾਲਕ ਤੋਂ ਟੋਲ ਮੰਗਿਆ ਤਾਂ ਉਸ ਨੇ ਟੋਲ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

ਕੁਝ ਦੇਰ ਬਹਿਸ ਕਰਨ ਤੋਂ ਬਾਅਦ ਗੱਡੀ ਚਾਲਕ ਗੱਡੀ 'ਚੋਂ ਬਾਹਰ ਨਿਕਲਿਆ ਅਤੇ ਉਸ ਨੇ ਪਹਿਲਾਂ ਬੂਮ ਬੈਰੀਅਰ ਨੂੰ ਜ਼ਬਰਦਸਤੀ ਉੱਪਰ ਚੁੱਕ ਦਿੰਦਾ ਹੈ। ਇਸ ਤੋਂ ਬਾਅਦ ਟੋਲ 'ਤੇ ਬੈਠੀ ਮਹਿਲਾ ਮੁਲਾਜ਼ਮ ਦੇ ਮੂੰਹ 'ਤੇ ਘਸੁੰਨ ਮਾਰ ਦਿੱਤਾ। ਘਸੁੰਨ ਇੰਨੀ ਜ਼ੋਰ ਨਾਲ ਲੱਗਾ ਕਿ ਉਸ ਦੇ ਨੱਕ 'ਚੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਉਥੇ ਮੌਜੂਦ ਸੁਰੱਖਿਆ ਮੁਲਾਜ਼ਮ ਵੇਖਦੇ ਰਹਿ ਗਏ। ਮੁਲਜ਼ਮ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਟੋਲ ਪ੍ਰਸ਼ਾਸਨ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸਯੂਵੀ ਗੁਰੂਗ੍ਰਾਮ ਨੰਬਰ ਦੀ ਦੱਸੀ ਜਾ ਰਹੀ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।