ਮਹਿੰਗਾਈ ਨੇ ਅਕਤੂਬਰ ਵਿਚ ਡੇਢ ਸਾਲ ਦਾ ਰੀਕਾਰਡ ਤੋੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਬਜ਼ੀਆਂ ਤੇ ਫਲਾਂ ਦੀ ਮਹਿੰਗਾਈ ਅਕਤੂਬਰ ਵਿਚ 4.62 ਫ਼ੀ ਸਦੀ 'ਤੇ ਪੁੱਜੀ

Retail inflation surges to 4.62% in October on higher food prices

ਨਵੀਂ ਦਿੱਲੀ : ਖਾਧ ਪਦਾਰਥਾਂ ਦੀਆਂ ਉੱਚੀਆਂ ਕੀਮਤਾਂ ਨਾਲ ਅਕਤੂਬਰ ਮਹੀਨੇ ਵਿਚ ਪਰਚੂਨ ਮਹਿੰਗਾਈ ਦਰ ਵੱਧ ਕੇ 4.62 ਫ਼ੀ ਸਦੀ 'ਤੇ ਪਹੁੰਚ ਗਈ। ਇਹ 16 ਮਹੀਨਿਆਂ ਦਾ ਸਿਖਰਲਾ ਪੱਧਰ ਹੈ। ਇਸ ਤੋਂ ਪਹਿਲਾਂ ਜੂਨ 2018 ਵਿਚ ਪਰਚੂਨ ਮਹਿੰਗਾਈ 4.92 ਫ਼ੀ ਸਦੀ ਦੀ ਉਚਾਈ 'ਤੇ ਪੁੱਜੀ ਸੀ। ਬੁਧਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ।

ਉਪਭੋਗਤਾ ਮੁੱਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਇਸ ਤੋਂ ਪਿਛਲੇ ਮਹੀਨੇ ਸਤੰਬਰ ਵਿਚ 3.99 ਫ਼ੀ ਸਦੀ ਅਤੇ ਇਕ ਸਾਲ ਪਹਿਲਾਂ ਅਕਤੂਬਰ ਮਹੀਨੇ ਵਿਚ 3.38 ਫ਼ੀ ਸਦੀ ਸੀ। ਖਾਧ ਸਮੂਹ ਦੀ ਮੁਦਰਾਸਫ਼ੀਤੀ ਸਤੰਬਰ ਦੇ 5.11 ਫ਼ੀ ਸਦੀ ਤੋਂ ਉਛਲ ਕੇ ਅਕਤੂਬਰ ਵਿਚ 7.89 ਫ਼ੀ ਸਦੀ 'ਤੇ ਪਹੁੰਚ ਗਈ। ਰਿਜ਼ਰਵ ਬੈਂਕ ਦੀ ਤਿਮਾਹੀ ਮੁਦਰਾ ਨੀਤੀ ਦੀ ਸਮੀਖਿਆ ਵਿਚ ਮੁੱਖ ਰੂਪ ਵਿਚ ਪਰਚੂਨ ਮਹਿੰਗਾਈ ਦਰ 'ਤੇ ਹੀ ਗ਼ੌਰ ਕੀਤਾ ਜਾਂਦਾ ਹੈ।

ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਕੇਂਦਰੀ ਸੰਖਿਅਕੀ ਦਫ਼ਤੁਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਰਬਕ ਫਲਾਂ, ਸਬਜ਼ੀਆਂ ਆਦਿ ਦੀ ਮਹਿੰਗਾਈ ਸਤੰਬਰ ਦੇ 5.11 ਫ਼ੀ ਸਦੀ ਤੋਂ ਉਛਲ ਕੇ ਅਕਤੂਬਰ ਵਿਚ 7.89 ਫ਼ੀ ਸਦੀ 'ਤੇ ਪਹੁੰਚ ਗਈ। ਸਬਜ਼ੀਆਂ ਦੀ ਕੀਮਤ ਵਿਚ ਵਾਧਾ ਸਤੰਬਰ ਦੇ 5.40 ਫ਼ੀ ਸਦੀ ਤੋਂ ਵੱਧ ਕੇ 26.10 ਫ਼ੀ ਸਦੀ ਅਤੇ ਫਲਾਂ ਦੀ ਮਹਿੰਗਾਈ 0.83 ਫ਼ੀ ਸਦੀ ਤੋਂ ਵੱਧ ਕੇ 4.08 ਫ਼ੀ ਸਦੀ 'ਤੇ ਪਹੁੰਚ ਗਈ। ਇਸੇ ਤਰ੍ਹਾਂ ਮਾਸ, ਮੱਛੀ ਅਤੇ ਆਂਡਿਆਂ ਦੀ ਕੀਮਤ ਕ੍ਰਮਵਾਰ 2.16 ਫ਼ੀ ਸਦੀ, 9.75 ਫ਼ੀ ਸਦੀ ਅਤੇ 6.25 ਫ਼ੀ ਸਦੀ ਵਧੀ। ਦਾਲ ਅਤੇ ਇਸ ਨਾਲ ਜੁੜੇ ਉਤਪਾਦਾਂ ਦੀ ਪਰਚੂਨ ਮਹਿੰਗਾਈ ਵੱਧ ਕੇ 11.72 ਫ਼ੀ ਸਦੀ ਹੋ ਗਈ। ਉਂਜ, ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 2.02 ਫ਼ੀ ਸਦੀ ਦੀ ਗਿਰਾਵਟ ਰਹੀ।

ਹਾਲ ਹਾਲੇ ਵੀ ਮਾੜੇ, ਪਿਆਜ਼ 80 ਰੁਪਏ ਨੂੰ ਬਹੁੜਿਆ :
ਪਿਆਜ਼ ਦੀਆਂ ਕੀਮਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਤਾਰ ਉੱਚੀਆਂ ਚੱਲ ਰਹੀਆਂ ਹਨ। ਇਸ ਵੇਲੇ ਪਿਆਜ਼ 80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼ ਤੋਂ ਇਲਾਵਾ ਟਮਾਟਰ ਤੇ ਆਲੂਆਂ ਦੇ ਭਾਅ ਵੀ ਉੱਚੇ ਚੱਲ ਰਹੇ ਹਨ। ਚੰਡੀਗੜ੍ਹ ਦੀਆਂ ਮੰਡੀਆਂ ਵਿਚ ਟਮਾਟਰ 50 ਰੁਪਏ ਕਿਲੋ ਤੇ ਆਲੂ 20 ਤੋਂ 30 ਰੁਪਏ ਕਿਲੋ ਤਕ ਵਿਕ ਰਹੇ ਹਨ। ਸਰਕਾਰ ਦਾ ਕਹਿਣਾ ਸੀ ਕਿ ਪਿਆਜ਼ ਦੀਆਂ ਕੀਮਤਾਂ ਦੀਵਾਲੀ ਤੋਂ ਬਾਅਦ ਕੀਮਤਾਂ ਘੱਟ ਜਾਣਗੀਆਂ ਪਰ ਘਟਣ ਦੀ ਬਜਾਏ ਵੱਧ ਰਹੀਆਂ ਹਨ।

ਸੈਂਸੈਕਸ 229 ਅੰਕ ਟੁਟਿਆ :
ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਚੁਫੇਰੇ ਵਿਕਰੀ ਵੇਖੀ ਗਈ। ਉਦਯੋਗਿਕ ਉਤਪਾਦਨ ਵਿਚ ਕਮੀ, ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਅਤੇ ਅਮਰੀਕਾ-ਚੀਨ ਵਪਾਰ ਸਮਝੌਤੇ ਦੇ ਭਰਮ ਕਾਰਨ ਨਿਵੇਸ਼ਕਾਂ ਦੀ ਚਿੰਤਾ ਵਧ ਗਈ ਜਿਸ ਕਾਰਨ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 229 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਹਾਂਗਕਾਂਗ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਦਾ ਵੀ ਖੇਤਰੀ ਸ਼ੇਅਰ ਬਾਜ਼ਾਰਾਂ 'ਤੇ ਅਸਰ ਰਿਹਾ। ਬੀਐਸਈ ਸੈਂਸੈਕਸ ਬੁਧਵਾਰ ਨੂੰ ਕਾਰੋਬਾਰ ਦੇ ਖ਼ਾਤਮੇ 'ਤੇ 229.02 ਅੰਕ ਯਾਨੀ 0.57 ਫ਼ੀ ਸਦੀ ਡਿੱਗ ਕੇ 40,116.06 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੂਚਕ ਅੰਕ 386 ਅੰਕਾਂ ਦੇ ਦਾਇਰੇ ਵਿਚ ਰਿਹਾ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 73 ਅੰਕ ਯਾਨੀ 0.61 ਫ਼ੀ ਸਦੀ ਦੀ ਗਿਰਾਵਟ ਨਾਲ 11,840.45 ਅੰਕਾਂ 'ਤੇ ਬੰਦ ਹੋਇਆ।