ਪਖਾਨਾ ਬਣਵਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ,ਬੱਚੀ ਨੇ ਦਰਜ ਕਰਵਾਈ ਬਾਪ ਵਿਰੁਧ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਚੀ ਨੇ ਲਿਖਿਆ ਕਿ ਜੇਕਰ ਪੁਲਿਸ ਅਜਿਹਾ ਨਹੀਂ ਕਰ ਸਕਦੀ ਤਾਂ ਘੱਟ ਤੋਂ ਘੱਟ ਪਿਤਾ ਤੋਂ ਇਕ ਦਸਤਖ਼ਤ ਕੀਤੀ ਹੋਈ ਚਿੱਠੀ ਲਿਖਵਾਏ ਕਿ ਉਹ ਮੇਰੇ ਲਈ ਪਖਾਨ ਕਦੋਂ ਬਣਵਾਉਣਗੇ ?

Hanifa Zaara

ਤਾਮਿਲਨਾਡੂ, ( ਭਾਸ਼ਾ) : 7 ਸਾਲ ਦੀ ਇਕ ਬੱਚੀ ਨੇ ਅਪਣੇ ਪਿਤਾ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿਤੀ। ਉਸ ਦੇ ਪਿਤਾ ਨੇ ਪਖਾਨਾ ਬਣਵਾਉਣ ਦਾ ਵਾਅਦਾ ਕੀਤਾ ਸੀ। ਪਰ ਉਸ ਨੂੰ ਪੂਰਾ ਨਹੀਂ ਕੀਤਾ ਤਾਂ ਬੱਚੀ ਨੇ ਪੁਲਿਸ ਕੋਲ ਉਹਨਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਕੋਸ਼ਿਸ਼ ਕੀਤੀ। ਤਾਮਿਲਨਾਡੂ ਦੇ ਅੰਬੁਰ ਸ਼ਹਿਰ ਵਿਚ ਅਪਣੇ ਮਾਤਾ-ਪਿਤਾ ਨਾਲ ਰਹਿ ਰਹੀ 7 ਸਾਲ ਦੀ ਹਨੀਫਾ ਜ਼ਾਰਾ ਖੁਲ੍ਹੇ ਵਿਚ ਪਖਾਨਾ ਨਹੀਂ ਜਾਣਾ ਚਾਹੁੰਦੀ ਸੀ ਅਤੇ ਇਸ ਲਈ ਉਸ ਨੇ ਅਪਣੇ ਪਿਤਾ ਨੂੰ ਘਰ ਵਿਚ ਹੀ ਪਖਾਨਾ ਬਣਵਾਉਣ ਦੀ ਗੱਲ ਕੀਤੀ।

ਜ਼ਾਰਾ ਮੁਤਾਬਕ ਉਸ ਨੂੰ ਖੁਲ੍ਹੇ ਵਿਚ ਪਖਾਨਾ ਜਾਣ ਵਿਚ ਸ਼ਰਮ ਮਹਿਸੂਸ ਹੁੰਦੀ ਸੀ। ਜਦ ਲੋਕਾਂ ਦੀ ਨਜ਼ਰ ਉਸ 'ਤੇ ਪੈਂਦੀ ਸੀ ਤਾਂ ਉਸ ਨੂੰ ਬਹੁਤ ਬੁਰਾ ਲਗਦਾ ਸੀ। ਉਸ ਦੇ ਪਿਤਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਅਪਣੀ ਜਮਾਤ ਵਿਚ ਪਹਿਲੇ ਨੰਬਰ 'ਤੇ ਆਵੇਗੀ ਤਾਂ ਉਹ ਉਸ ਨੂੰ ਪਖਾਨਾ ਬਣਵਾ ਦੇਣਗੇ। ਪਰ ਉਹ ਵਾਅਦਾ ਪੂਰਾ ਨਾ ਕਰ ਸਕਿਆ। ਜ਼ਾਰਾ ਨੇ ਇਹ ਗੱਲਾਂ ਪੁਲਿਸ ਨੂੰ ਲਿਖੀ ਚਿੱਠੀ ਵਿਚ ਦੱਸੀਆਂ। ਜ਼ਾਰਾ ਮੁਤਾਬਕ ਉਹ ਨਰਸਰੀ ਜਮਾਤ ਤੋਂ ਹੀ ਪਹਿਲੇ ਨੰਬਰ 'ਤੇ ਆ ਰਹੀ ਹੈ। ਹੁਣ ਉਹ ਦੂਜੀ ਜਮਾਤ ਵਿਚ ਪੜ੍ਹਦੀ ਹੈ

ਅਤੇ ਹੁਣ ਵੀ ਉਸ ਦੇ ਪਿਤਾ ਇਹ ਕਹਿ ਰਹੇ ਹਨ ਕਿ ਉਹ ਪਖਾਨਾ ਬਣਵਾ ਦੇਣਗੇ। ਉਸ ਨੇ ਕਿਹਾ ਕਿ ਇਹ ਧੋਖਾ ਦੇਣ ਦਾ ਇਕ ਤਰੀਕਾ ਹੈ। ਇਸ ਲਈ ਉਸ ਨੇ ਪੁਲਿਸ ਨੂੰ ਕਿਹਾ ਕਿ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਵੇ। ਬੱਚੀ ਨੇ ਅੱਗੇ ਲਿਖਿਆ ਕਿ ਜੇਕਰ ਪੁਲਿਸ ਅਜਿਹਾ ਨਹੀਂ ਕਰ ਸਕਦੀ ਤਾਂ ਘੱਟ ਤੋਂ ਘੱਟ ਪਿਤਾ ਤੋਂ ਇਕ ਦਸਤਖ਼ਤ ਕੀਤੀ ਹੋਈ ਚਿੱਠੀ ਲਿਖਵਾਏ ਕਿ ਉਹ ਮੇਰੇ ਲਈ ਪਖਾਨ ਕਦੋਂ ਬਣਵਾਉਣਗੇ ?

ਦੂਜੇ ਪਾਸੇ ਜ਼ਾਰਾ ਦੇ ਪਿਤਾ ਦਾ ਇਸ ਸਬੰਧੀ ਕਹਿਣਾ ਹੈ ਕਿ ਉਹਨਾਂ ਨੇ ਘਰ ਵਿਚ ਪਖਾਨਾ ਬਣਵਾਉਣਾ ਸ਼ੁਰੂ ਕੀਤਾ ਸੀ ਪਰ ਪੈਸੇ ਦੀ ਕਮੀ ਕਾਰਨ ਇਸ ਨੂੰ ਪੂਰਾ ਨਹੀਂ ਕਰ ਸਕੇ। ਸਥਾਨਕ ਪੁਲਿਸ ਮੁਤਾਬਕ ਬੱਚੀ ਬਹੁਤ ਦੁਖੀ ਅਤੇ ਠਗਿਆ ਹੋਇਆ ਮਹਿਸੂਸ ਕਰ ਰਹੀ ਸੀ ਅਤੇ ਚਾਹੁੰਦੀ ਸੀ ਕਿ ਉਸ ਦੇ ਪਿਤਾ ਗ੍ਰਿਫਤਾਰ ਹੋਣ । ਪੁਲਿਸ ਨੇ ਜਦ ਪਿਤਾ ਨੂੰ ਫੋਨ ਕੀਤਾ ਅਤੇ ਪੁਲਿਸ ਸਟੇਸ਼ਨ ਬੁਲਾਇਆ ਤਾਂ ਉਹਨਾਂ ਨੇ ਵਾਅਦਾ ਕੀਤਾ ਕਿ ਹੁਣ ਉਹ ਪਖਾਨਾ ਜਰੂਰ ਬਣਵਾ ਦੇਣਗੇ