ਸ੍ਰੀਨਗਰ ਵਿਚ ਅੱਤਵਾਦੀਆਂ ਨੇ ਪੁਲਿਸ ਬੱਸ ਨੂੰ ਬਣਾਇਆ ਨਿਸ਼ਾਨਾ, 2 ਜਵਾਨ ਸ਼ਹੀਦ ਤੇ 12 ਜ਼ਖਮੀ
ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਅੱਤਵਾਦੀਆਂ ਨੇ ਪੁਲਿਸ ਬੱਸ ’ਤੇ ਹਮਲਾ ਕਰ ਦਿੱਤਾ ਹੈ।
ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਅੱਤਵਾਦੀਆਂ ਨੇ ਪੁਲਿਸ ਬੱਸ ’ਤੇ ਹਮਲਾ ਕਰ ਦਿੱਤਾ ਹੈ। ਸ੍ਰੀਨਗਰ ਦੇ ਬਾਹਰੀ ਇਲਾਕੇ ਜੇਵਾਨ ਵਿਚ ਅੱਤਵਾਦੀਆਂ ਨੇ ਪੁਲਿਸ ਬੱਸ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਹਮਲੇ 'ਚ 2 ਜਵਾਨ ਸ਼ਹੀਦ ਹੋ ਗਏ ਅਤੇ 12 ਗੰਭੀਰ ਜ਼ਖਮੀ ਹੋ ਗਏ। ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਕੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਸ਼੍ਰੀਨਗਰ ਦੇ ਪੰਥਾ ਚੌਕ ਇਲਾਕੇ 'ਚ ਜੇਵਾਨ ਦੇ ਕੋਲ ਅੱਤਵਾਦੀਆਂ ਨੇ ਪੁਲਿਸ ਦੀ ਬੱਸ 'ਤੇ ਗੋਲੀਬਾਰੀ ਕੀਤੀ। ਹਮਲੇ 'ਚ 12 ਜਵਾਨ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਵਿਚ ਇਕ ਏਐਸਆਈ ਅਤੇ ਇਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਕਰੀਬ 6 ਵਜੇ ਜੇਵਾਨ ਇਲਾਕੇ 'ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਨੌਵੀਂ ਬਟਾਲੀਅਨ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਇਲਾਕੇ 'ਚ ਸਥਿਤ ਆਰਮਡ ਪੁਲਿਸ ਕੰਪਲੈਕਸ ਨੇੜੇ ਪਹੁੰਚੀ। ਇਸ ਦੌਰਾਨ ਪਹਿਲਾਂ ਤੋਂ ਹੀ ਘੇਰੇ ਵਿਚ ਬੈਠੇ ਦੋ-ਤਿੰਨ ਅੱਤਵਾਦੀਆਂ ਨੇ ਬੱਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਜਦੋਂ ਤੱਕ ਜਵਾਨ ਮੋਰਚਾ ਸੰਭਾਲ ਰਹੇ ਸਨ, ਉਦੋਂ ਤੱਕ ਅੱਤਵਾਦੀ ਬੱਸ 'ਤੇ ਜਾਨਲੇਵਾ ਹਮਲਾ ਕਰਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਹਮਲੇ ਵਿਚ ਜ਼ਖਮੀ ਹੋਏ ਜਵਾਨਾਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ।