ਭਾਰਤ ਵਿਚ ਜਦੋਂ ਵੀ ਔਰੰਗਜ਼ੇਬ ਪੈਦਾ ਹੋਇਆ, ਸ਼ਿਵਾਜੀ ਵੀ ਨਾਲ ਹੀ ਉਭਰਿਆ ਹੈ: ਮੋਦੀ
ਪ੍ਰਧਾਨ ਮੰਤਰੀ ਨੇ ਵਾਰਾਣਸੀ ਦੀ ਸਭਿਅਤਾ ਅਤੇ ਵਿਰਾਸਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਈ ਸੁਲਤਨਤਾਂ ਉੱਠੀਆਂ ਅਤੇ ਡਿੱਗੀਆਂ ਪਰ ਬਨਾਰਸ ਬਣਿਆ ਰਿਹਾ।
ਵਾਰਾਣਸੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਧਾਮ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਵਿਚ ਜਦੋਂ ਵੀ ਔਰੰਗਜ਼ੇਬ ਦਾ ਜਨਮ ਹੋਇਆ ਤਾਂ ਸ਼ਿਵਾਜੀ ਵੀ ਇਸੇ ਮਿੱਟੀ ਵਿਚੋਂ ਹੀ ਨਿਕਲੇ ਹਨ। ਇਹ ਦੇਸ਼ ਬਾਕੀ ਦੁਨੀਆਂ ਨਾਲੋਂ ਵੱਖਰਾ ਹੈ। ਪ੍ਰਧਾਨ ਮੰਤਰੀ ਨੇ ਵਾਰਾਣਸੀ ਦੀ ਸਭਿਅਤਾ ਅਤੇ ਵਿਰਾਸਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਕਈ ਸੁਲਤਨਤਾਂ ਉੱਠੀਆਂ ਅਤੇ ਡਿੱਗੀਆਂ ਪਰ ਬਨਾਰਸ ਬਣਿਆ ਰਿਹਾ।
ਮੋਦੀ ਨੇ ਕਿਹਾ, ''ਹਮਲਾਵਰਾਂ ਨੇ ਇਸ ਸ਼ਹਿਰ 'ਤੇ ਹਮਲਾ ਕੀਤਾ ਤੇ ਇਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਔਰੰਗਜ਼ੇਬ ਦੇ ਜ਼ੁਲਮਾਂ ਅਤੇ ਦਹਿਸ਼ਤ ਦਾ ਇਤਿਹਾਸ ਗਵਾਹ ਹੈ। ਉਸ ਨੇ ਕੱਟੜਤਾ ਨਾਲ ਸੱਭਿਆਚਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇਸ਼ ਦੀ ਮਿੱਟੀ ਬਾਕੀ ਦੁਨੀਆਂ ਨਾਲੋਂ ਵੱਖਰੀ ਹੈ। ਜੇਕਰ (ਮੁਗਲ ਬਾਦਸ਼ਾਹ) ਔਰੰਗਜ਼ੇਬ ਇੱਥੇ ਆਇਆ ਤਾਂ (ਮਰਾਠਾ ਯੋਧਾ) ਸ਼ਿਵਾਜੀ ਵੀ ਉਭਰਿਆ।
ਉਨ੍ਹਾਂ ਕਿਹਾ, ''ਜੇ ਸਲਾਰ ਮਸੂਦ ਅੱਗੇ ਵਧੇ ਤਾਂ ਰਾਜਾ ਸੁਹੇਲਦੇਵ ਵਰਗੇ ਯੋਧਿਆਂ ਨੇ ਉਨ੍ਹਾਂ ਨੂੰ ਇਸ ਦੇਸ਼ ਦੀ ਏਕਤਾ ਦੀ ਸ਼ਕਤੀ ਦਾ ਅਹਿਸਾਸ ਕਰਵਾਇਆ।'' 'ਸਨਾਤਨ ਸੰਸਕ੍ਰਿਤੀ' ਸਾਡੀ ਅਧਿਆਤਮਿਕਤਾ ਅਤੇ ਭਾਰਤੀ ਦੀ ਪੁਰਾਤਨਤਾ ਅਤੇ ਪਰੰਪਰਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਕੰਪਲੈਕਸ ਜੋ ਪਹਿਲਾਂ ਸਿਰਫ਼ 3000 ਵਰਗ ਫੁੱਟ ਦਾ ਸੀ ਅਤੇ ਹੁਣ ਪੰਜ ਲੱਖ ਵਰਗ ਫੁੱਟ ਹੋ ਗਿਆ ਹੈ। ਹੁਣ 50 ਤੋਂ 70 ਹਜ਼ਾਰ ਸ਼ਰਧਾਲੂ ਮੰਦਰ ਪਰਿਸਰ 'ਚ ਆ ਸਕਦੇ ਹਨ।
ਉਨ੍ਹਾਂ ਕਿਹਾ, ''ਨਵਾਂ ਇਤਿਹਾਸ ਰਚਿਆ ਗਿਆ ਹੈ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਦੇ ਗਵਾਹ ਬਣੇ ਹਾਂ। '' ਮੋਦੀ ਨੇ ਆਪਣੇ ਭਾਸ਼ਣ ਦੌਰਾਨ ਸਥਾਨਕ ਬੋਲੀ ਦੀ ਵੀ ਵਰਤੋਂ ਕੀਤੀ।ਮੋਦੀ ਨੇ ਆਪਣੇ ਹਲਕੇ 'ਚ ਆਉਣ ਤੋਂ ਬਾਅਦ ਕਾਲ ਭੈਰਵ ਮੰਦਰ 'ਚ ਪੂਜਾ ਅਰਚਨਾ ਕੀਤੀ ਅਤੇ ਗੰਗਾ ਨਦੀ 'ਚ ਇਸ਼ਨਾਨ ਕੀਤਾ। ਉਥੋਂ ਉਹ ਪਵਿੱਤਰ ਗੰਗਾ ਜਲ ਨਾਲ ਭਗਵਾਨ ਸ਼ਿਵ ਦਾ ਜਲਅਭਿਸ਼ੇਕ ਕਰਨ ਲਈ ਕਾਸ਼ੀ ਵਿਸ਼ਵਨਾਥ ਮੰਦਰ ਵੀ ਪਹੁੰਚੇ।