ਰੇਲਵੇ ਸਟੇਸ਼ਨ ਦੇ ਰੰਗ ਤੋਂ ਛਿੜਿਆ ਭਾਰੀ ਵਿਵਾਦ, ਹਰੇ ਤੋਂ ਕਰਨਾ ਪਿਆ ਸਫ਼ੇਦ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਲਜ਼ਾਮ ਲੱਗਿਆ ਕਿ ਬਣਤਰ 'ਮਸਜਿਦ ਵਰਗੀ' ਹੈ 

Image

 

ਕਾਲਬੁਰਗੀ - ਰੇਲਵੇ ਸਟੇਸ਼ਨ ਦੀ ਬਣਤਰ ਬਾਰੇ ਸੱਜੇ ਪੱਖੀ ਸਮੂਹ ਹਿੰਦੂ ਜਾਗ੍ਰਿਤੀ ਸੇਨਾ ਵੱਲੋਂ ਕੀਤੇ ਵਿਰੋਧ ਕਰਨ ਦੇ ਕੁਝ ਘੰਟਿਆਂ ਬਾਅਦ, ਰੇਲਵੇ ਵਿਭਾਗ ਨੇ ਮੰਗਲਵਾਰ ਨੂੰ ਇਸ ਨੂੰ ਹਰੇ ਤੋਂ ਚਿੱਟੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ।

ਕਰਨਾਟਕ ਦਾ ਕਾਲਬੁਰਗੀ ਰੇਲਵੇ ਸਟੇਸ਼ਨ ਦੀ ਬਣਤਰ ਅਤੇ ਰੰਗ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੱਜੇ ਪੱਖੀ ਸਮੂਹ ਹਿੰਦੂ ਜਾਗ੍ਰਿਤੀ ਸੇਨਾ ਵੱਲੋਂ ਰੇਲਵੇ ਸਟੇਸ਼ਨ ਦੀ ਬਣਤਰ ਵਿਰੁੱਧ ਜਤਾਏ ਵਿਰੋਧ ਤੋਂ ਬਾਅਦ, ਰੇਲਵੇ ਵਿਭਾਗ ਨੇ ਮੰਗਲਵਾਰ ਨੂੰ ਇਸ ਨੂੰ ਹਰੇ ਤੋਂ ਚਿੱਟੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਹੈ।

ਹਿੰਦੂ ਜਾਗ੍ਰਿਤੀ ਸੇਨਾ ਨੇ ਦਾਅਵਾ ਕੀਤਾ ਕਿ ਰੇਲਵੇ ਸਟੇਸ਼ਨ ਦੀ ਬਣਤਰ ਇੱਕ ਮਸਜਿਦ ਦੀ ਵਰਗੀ ਹੈ, ਜਿਸ ਦੇ ਮੱਧ ਵਿੱਚ ਇੱਕ ਗੁੰਬਦ ਵਰਗਾ ਆਕਾਰ ਹੈ। ਹਿੰਦੂ ਜਾਗ੍ਰਿਤੀ ਸੇਨਾ ਦੇ ਮੈਂਬਰਾਂ ਨੇ ਮੰਗਲਵਾਰ ਤੜਕੇ ਰੇਲ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੈਲੀ ਵੀ ਕੀਤੀ। ਉਨ੍ਹਾਂ ‘ਮਸਜਿਦ ਵਰਗਾ’ ਢਾਂਚਾ ਠੀਕ ਕਰਨ ਅਤੇ ਹਰੇ ਰੰਗ ਨੂੰ ਬਦਲਣ ਦੀ ਮੰਗ ਕੀਤੀ। ਸਫ਼ੇਦ ਰੰਗ ਹੋਣਾ ਸ਼ੁਰੂ ਹੋ ਗਿਆ ਹੈ, ਪਰ ਨਾਲ ਹੀ ਪੁਲਿਸ ਮੁਲਾਜ਼ਮ ਰੇਲਵੇ ਸਟੇਸ਼ਨ 'ਤੇ ਤਾਇਨਾਤ ਕਰ ਦਿੱਤੇ ਗਏ ਹਨ, ਤਾਂ ਜੋ ਅਮਨ-ਕਨੂੰਨ ਸੰਬੰਧੀ ਕਿਸੇ ਵੀ ਸਮੱਸਿਆ ਤੋਂ ਬਚਾਅ ਰੱਖਿਆ ਜਾ ਸਕੇ। 

ਇਸ ਤੋਂ ਪਹਿਲਾਂ ਨਵੰਬਰ ਵਿੱਚ, ਮੈਸੂਰ ਵਿੱਚ ਇੱਕ ਬੱਸ ਸਟਾਪ ਦੇ ਢਾਂਚੇ ਨੂੰ ਲੈ ਕੇ ਵੀ ਇੱਕ ਵਿਵਾਦ ਛਿੜ ਗਿਆ ਸੀ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਢਾਂਚਾ ਇਸੇ ਤਰ੍ਹਾਂ ਰਿਹਾ ਤਾਂ ਬੱਸ ਅੱਡੇ ਨੂੰ ਢਾਹ ਦਿੱਤਾ ਜਾਵੇਗਾ। ਉਸ ਨੇ ਕਿਹਾ ਸੀ, "ਜੇ ਵਿਚਕਾਰ ਇੱਕ ਵੱਡਾ ਗੁੰਬਦ ਹੈ, ਨਾਲ ਇੱਕ ਦੂਜੇ ਦੇ ਸਾਹਮਣੇ ਦੋ ਛੋਟੇ ਗੁੰਬਦ ਹਨ, ਤਾਂ ਇਹ ਇੱਕ ਮਸਜਿਦ ਹੈ।"

ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਪੁਰਾਣੀ ਤਿੰਨ ਗੁੰਬਦ ਵਾਲੀ ਬਣਤਰ ਜੋ ਕਥਿਤ ਤੌਰ 'ਤੇ ਇੱਕ ਮਸਜਿਦ ਦੀ ਸ਼ਕਲ ਵਿੱਚ ਸੀ, ਨੂੰ ਹਟਾ ਦਿੱਤਾ ਸੀ ਅਤੇ ਇਸ ਦੀ ਥਾਂ ਬੱਸ ਸਟਾਪ ਦੇ ਉੱਪਰ ਇੱਕ ਇਕੱਲਾ ਗੁੰਬਦ ਲਗਾ ਦਿੱਤਾ ਸੀ।