Punjab News : ਪੰਜਾਬ 'ਚ 28 ਫੀਸਦੀ ਬਜ਼ੁਰਗਾਂ ਕੋਲ ਆਮਦਨ ਦਾ ਨਹੀਂ ਹੈ ਕੋਈ ਸਾਧਨ , 5 ਫੀਸਦੀ ਬਜ਼ੁਰਗ ਗਰੀਬੀ ਰੇਖਾ ਤੋਂ ਹੇਠਾਂ
Punjab News : ਜਦਕਿ ਅੰਕੜਿਆਂ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 12.6 ਫੀਸਦੀ
28 percent of the elderly have no means of income in Punjab News: ਪੰਜਾਬ ਵਿਚ 28.1 ਫੀਸਦੀ ਬਜ਼ੁਰਗਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ, ਜਦਕਿ 5 ਫੀਸਦੀ ਬਜ਼ੁਰਗ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਕੇਂਦਰੀ ਵਿੱਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਲੋਕ ਸਭਾ 'ਚ ਪੇਸ਼ ਕੀਤੀ ਗਈ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (IRDAI) ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਆਈਆਰਡੀਏਆਈ ਦੇ ਤਾਜ਼ਾ ਅੰਕੜਿਆਂ ਅਨੁਸਾਰ, ਪੰਜਾਬ ਵਿੱਚ ਜੀਵਨ ਬੀਮਾ ਕਵਰ ਵਾਲੇ 2765134 ਲੋਕਾਂ ਵਿੱਚੋਂ ਸਿਰਫ਼ 106332 ਬਜ਼ੁਰਗਾਂ ਕੋਲ ਬੀਮਾ ਕਵਰ ਹੈ, ਜੋ ਕੁੱਲ ਆਬਾਦੀ ਦਾ ਸਿਰਫ਼ 3.85 ਬਣਦਾ ਹੈ। ਦੂਜੇ ਪਾਸੇ, ਬਜ਼ੁਰਗਾਂ ਲਈ ਬੀਮਾ ਕਵਰ ਦੀ ਦਰ ਹਿਮਾਚਲ ਪ੍ਰਦੇਸ਼ ਵਿੱਚ 7.11 ਪ੍ਰਤੀਸ਼ਤ ਅਤੇ ਹਰਿਆਣਾ ਵਿੱਚ 4.41 ਪ੍ਰਤੀਸ਼ਤ ਹੈ। ਚੰਡੀਗੜ੍ਹ ਵਿਚ ਇਹ ਦਰ 7.27 ਫ਼ੀਸਦੀ ਹੈ ਜਦੋਂਕਿ ਕੁੱਲ ਹਿੰਦ ਪੱਧਰ ’ਤੇ ਔਸਤ ਸਿਰਫ਼ 6.14 ਫ਼ੀਸਦੀ ਹੈ। ਕੇਰਲ, ਜਿਸ ਵਿਚ ਦੇਸ਼ ਵਿਚ ਸਭ ਤੋਂ ਵੱਧ ਬਜ਼ੁਰਗ ਲੋਕ ਹਨ, ਦੀ ਬੀਮਾ ਕਵਰ ਪ੍ਰਤੀਸ਼ਤਤਾ 8.25 ਹੈ। ਇਸ ਤੋਂ ਬਾਅਦ ਮਹਾਰਾਸ਼ਟਰ (8.06 ਫੀਸਦੀ) ਅਤੇ ਕਰਨਾਟਕ (7.41 ਫੀਸਦੀ) ਦਾ ਨੰਬਰ ਆਉਂਦਾ ਹੈ।
ਅੰਕੜਿਆਂ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ 12.6 ਫੀਸਦੀ ਹੈ ਅਤੇ ਪੰਜਾਬ ਉਨ੍ਹਾਂ ਪੰਜ ਰਾਜਾਂ ਵਿੱਚ ਸ਼ਾਮਲ ਹੈ ਜਿੱਥੇ ਬਜ਼ੁਰਗਾਂ ਦੀ ਆਬਾਦੀ ਰਾਸ਼ਟਰੀ ਔਸਤ 10.1 ਫੀਸਦੀ ਤੋਂ ਵੱਧ ਹੈ। ਇਹ ਰਾਜ ਕੇਰਲ (16.5 ਫੀਸਦੀ), ਤਾਮਿਲਨਾਡੂ (13.7 ਫੀਸਦੀ), ਹਿਮਾਚਲ ਪ੍ਰਦੇਸ਼ (13.1 ਫੀਸਦੀ) ਅਤੇ ਆਂਧਰਾ ਪ੍ਰਦੇਸ਼ (12.3 ਫੀਸਦੀ) ਹਨ।
ਪੰਜਾਬਵਿੱਚ 2036 ਵਿੱਚ 18.3 ਫੀਸਦੀ ਬਜ਼ੁਰਗ ਹੋਣਗੇ
ਹਾਲ ਹੀ ਵਿੱਚ ਜਾਰੀ ਕੀਤੀ ਗਈ ਇੰਡੀਆ ਏਜਿੰਗ ਰਿਪੋਰਟ-2023 ਦੇ ਅਨੁਮਾਨਾਂ ਅਨੁਸਾਰ, ਪੰਜਾਬ ਵਿਚ ਬਜ਼ੁਰਗਾਂ ਦੀ ਆਬਾਦੀ 2036 ਵਿਚ 18.3 ਪ੍ਰਤੀਸ਼ਤ ਤੱਕ ਪਹੁੰਚ ਜਾਵੇਗੀ ਜਦੋਂ ਕਿ ਉਸ ਸਮੇਂ ਰਾਸ਼ਟਰੀ ਔਸਤ ਵੀ ਵਧ ਕੇ 15 ਪ੍ਰਤੀਸ਼ਤ ਹੋ ਜਾਵੇਗੀ। ਵਿੱਤ ਮੰਤਰਾਲੇ ਦਾ ਦਾਅਵਾ ਹੈ ਕਿ ਇਸ ਦਾ ਮੁੱਖ ਕਾਰਨ ਬਜ਼ੁਰਗਾਂ ਨੂੰ ਦਿਤੀਆਂ ਜਾਣ ਵਾਲੀਆਂ ਸਿਹਤ ਸੰਬੰਧੀ ਸੇਵਾਵਾਂ ਅਤੇ ਸਿਹਤ ਬੀਮਾ ਯੋਜਨਾਵਾਂ ਹਨ।
IRDAI, ਜੋ ਬੀਮਾ ਰੈਗੂਲੇਟਰ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਨੇ ਬੀਮਾ ਕੰਪਨੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੀਨੀਅਰ ਨਾਗਰਿਕਾਂ ਲਈ ਬਣਾਏ ਗਏ ਸਿਹਤ ਬੀਮਾ ਉਤਪਾਦਾਂ 'ਤੇ ਚਾਰਜ ਕੀਤਾ ਜਾਣ ਵਾਲਾ ਪ੍ਰੀਮੀਅਮ ਪਹਿਲਾਂ ਤੋਂ ਹੀ ਨਿਰਪੱਖ, ਬਰਾਬਰ, ਪਾਰਦਰਸ਼ੀ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ। ਵਿੱਤ ਮੰਤਰਾਲੇ ਦਾ ਇਹ ਵੀ ਕਹਿਣਾ ਹੈ ਕਿ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਅਤੇ ਵੱਖ-ਵੱਖ ਰਾਜ ਸਪਾਂਸਰਡ ਸਿਹਤ ਬੀਮਾ ਯੋਜਨਾਵਾਂ ਰਾਹੀਂ ਬਜ਼ੁਰਗਾਂ ਨੂੰ ਸਿਹਤ ਬੀਮਾ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ।
2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 24358999 ਵਿੱਚੋਂ 12.6 ਫੀਸਦੀ ਭਾਵ 30.69 ਲੱਖ ਬਜ਼ੁਰਗ ਹਨ। ਇਨ੍ਹਾਂ ਵਿੱਚੋਂ 115639 ਬਜ਼ੁਰਗਾਂ ਨੂੰ ਸਮਾਜ ਭਲਾਈ ਸਕੀਮ ਤਹਿਤ ਬੁਢਾਪਾ ਪੈਨਸ਼ਨ ਵਜੋਂ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਂਦੀ ਹੈ। ਪਿਛਲੇ ਸਾਲ ਅਕਤੂਬਰ ਵਿੱਚ ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਲਈ 17,34,58,500 ਰੁਪਏ ਜਾਰੀ ਕੀਤੇ ਸਨ। ਪੰਜਾਬ ਵਿੱਚ ਬੁਢਾਪਾ ਪੈਨਸ਼ਨ ਸਕੀਮ ਤਹਿਤ 65 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਅਤੇ 58 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।