ਅਮਿਤ ਸ਼ਾਹ ਦੀ ਖੱਟੜ ਨੂੰ ਸਲਾਹ, ਖੇਤੀ ਕਾਨੂੰਨਾਂ ਦੇ ਸਮਰਥਨ ‘ਚ ਸਮਾਰੋਹ ਕਰਨ ਤੋਂ ਬਚੋ
ਹਰਿਆਣਾ ਦੇ ਸਿੱਖਿਆ ਮੰਤਰੀ ਨੇ ਮੀਡੀਆ ਨੂੰ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੀ ਖੱਟੜ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਕਾਨੂੰਨਾਂ ਦੇ ਸਮਰਥਨ ਵਿਚ ਸਮਾਰੋਹ ਕਰਨ ਤੋਂ ਬਚਣ। ਇਹ ਜਾਣਕਾਰੀ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਜਰਰ ਨੇ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਅਗਲੀ ਸੂਚਨਾ ਤੱਕ ਸਮਾਰੋਹ ਰੋਕ ਦਿੱਤੇ ਜਾਣ।
ਅਮਿਤ ਸ਼ਾਹ ਵੱਲੋਂ ਇਹ ਸਲਾਹ ਕਰਨਾਲ ਦੇ ਨੇੜਲੇ ਪਿੰਡ ਵਿਚ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਰੋਧ ਤੋਂ ਬਾਅਦ ਦਿੱਤੀ। ਇਸ ਦੌਰਾਨ ਮਨੋਹਰ ਲਾਲ ਖੱਟੜ ਨੂੰ ਕਰਨਾਲ ਦੇ ਨੇੜੇ ਇਕ ਪਿੰਡ ਵਿਚ ਬੈਠਕ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਸੀ। ਗੁਜਰਰ ਨੇ ਕਿਹਾ, ‘ਕਰਨਾਲ ਵਿਚ ਜੋ ਕੁਝ ਹੋਇਆ, ਉਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਕਿਸਾਨਾਂ ਦੇ ਨਾਲ ਟਕਰਾਅ ਨਾ ਵਧਾਉਣ’।
ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੇ ਮੰਤਰੀ ਨੇ ਕਿਸਾਨਾਂ ‘ਤੇ ਵੀ ਹਮਲਾ ਬੋਲਿਆ। ਸਿੱਖਿਆ ਮੰਤਰੀ ਨੇ ਕਿਹਾ ਕਿ, ‘ਪੂਰੇ ਰਾਜ ਨੇ ਦੇਖਿਆ ਕਿ ਜਦੋਂ ਐਤਵਾਰ ਨੂੰ ਮੁੱਖ ਮੰਤਰੀ ਇਕ ਸਭਾ ਨੂੰ ਸੰਬੋਧਨ ਕਰਨ ਵਾਲੇ ਸੀ ਤਾਂ ਕਿਸਾਨਾਂ ਨੇ ਕਿਸ ਤਰ੍ਹਾਂ ਦਾ ਵਰਤਾਅ ਕੀਤਾ। ਕਿਸਾਨਾਂ ਨੇ ਪੋਸਟਰ ਤੇ ਬੈਨਰ ਪਾੜ ਦਿੱਤੇ, ਜਿਸ ਦੇ ਚਲਦਿਆਂ ਮੁੱਖ ਮੰਤਰੀ ਨੂੰ ਬਿਨਾਂ ਸੰਬੋਧਨ ਕੀਤਿਆਂ ਵਾਪਸ ਜਾਣਾ ਪਿਆ’।
ਗੁਜਰਰ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਵੀ ਸਭਾ ਨੂੰ ਸੰਬੋਧਨ ਨਾ ਕਰਨ ਦੇ ਹਰਿਆਣਾ ਦੇ ਮੁੱਖ ਮੰਤਰੀ ਦੇ ਫੈਸਲੇ ਦੀ ਸ਼ਲਾਘਾ ਕੀਤੀ। ਦੱਸ ਦਈਏ ਕਿ ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕੈਮਲਾ ਪਿੰਡ 'ਚ ਕਿਸਾਨ ਮਹਾਪੰਚਾਇਤ ਸਮਾਰੋਹ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸ ਸਭਾ ਦੌਰਾਨ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਹਨਾਂ ਨੂੰ ਇਹ ਪੰਚਾਇਤ ਰੱਦ ਕਰਨੀ ਪਈ।