ਸਿਆਸੀ ਹਲਚਲ ਦੌਰਾਨ ਪੀਐਮ ਮੋਦੀ ਨੂੰ ਮਿਲੇ ਦੁਸ਼ਯੰਤ ਚੌਟਾਲਾ, ਖੱਟੜ ਵੀ ਰਹੇ ਮੌਜੂਦ

ਏਜੰਸੀ

ਖ਼ਬਰਾਂ, ਰਾਜਨੀਤੀ

ਬੀਤੇ ਦਿਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦੁਸ਼ਯੰਤ ਚੌਟਾਲਾ ਨੇ ਕੀਤੀ ਸੀ ਮੁਲਾਕਾਤ

PM Meets Haryana Ally Dushyant Chautala Amid Undercurrents Over Farmers

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੇ ਚਲਦਿਆਂ ਅੱਜ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਉਹਨਾਂ ਨਾਲ ਮੌਜੂਦ ਰਹੇ।

ਕਰੀਬ ਇਕ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਦੁਸ਼ਯੰਤ ਚੌਟਾਲਾ ਚੰਡੀਗੜ੍ਹ ਲਈ ਰਵਾਨਾ ਹੋ ਗਏ। ਦੱਸ ਦਈਏ ਕਿ ਦਿੱਲੀ ਦੀਆਂ ਹੱਦਾਂ  ‘ਤੇ ਡਟੇ ਕਿਸਾਨਾਂ ਦੇ ਸੰਘਰਸ਼ ਦਾ ਅਸਰ ਹਰਿਆਣਾ ਦੀ ਸਿਆਸਤ ਵਿਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕਈ ਤਰ੍ਹਾਂ ਦੇ ਅਨੁਮਾਨ ਵੀ ਲਗਾਏ ਜਾ ਰਹੇ ਹਨ।

ਬੀਤੇ ਦਿਨ ਦੁਸ਼ਯੰਤ ਚੌਟਾਲਾ ਤੇ ਮਨੋਹਰ ਲਾਲ ਖੱਟੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਖੇਤੀ ਕਾਨੂੰਨਾਂ ‘ਤੇ ਚਰਚਾ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ।  ਚੌਟਾਲਾ ਹਰਿਆਣਾ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਹਨ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਨਨਾਇਕ ਜਨਤਾ ਪਾਰਟੀ ਦੇ ਕੁਝ ਵਿਧਾਇਕ ਪ੍ਰਦਰਸ਼ਨਾਕੀ ਕਿਸਾਨਾਂ ਦੇ ਹੱਕ ਵਿਚ ਹਨ। ਇਸ ਦੌਰਾਨ ਸੋਮਵਾਰ ਨੂੰ ਇਨੇਲੋ ਮੁਖੀ ਅਭੈ ਚੌਟਾਲਾ ਨੇ ਇਕ ਚਿੱਠੀ ਰਾਹੀਂ ਮਨੋਹਰ ਲਾਲ ਖੱਟੜ ਦੀ ਸਰਕਾਰ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਜੇਕਰ 26 ਜਨਵਰੀ ਤੱਕ ਕਿਸਾਨਾਂ ਦੀ ਗੱਲ਼ ਨਹੀਂ ਮੰਨੀ ਗਈ ਤਾਂ ਉਹਨਾਂ ਦੀ ਇਸ ਚਿੱਠੀ ਨੂੰ ਹੀ ਅਸਤੀਫਾ ਮੰਨਿਆ ਜਾਵੇ।