ਤੇਲ ਕੀਮਤਾਂ ਜ਼ਰੀਏ ਲੁਟਣ ਦੇ ਰਾਹ ਪਈ ਸਰਕਾਰ,ਕਰੋਨਾ ਕਾਲ ਵੇਲੇ ਕੀਤੀ ਚਲਾਕੀ ਦਾ ਖਮਿਆਜ਼ਾ ਭੁਗਤ ਰਹੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਪਟਰੋਲ-ਡੀਜ਼ਲ ਦੀ ਕੀਮਤ ਨੂੰ ਲੱਗੀ ਅੱਗ

Oil price

ਨਵੀਂ ਦਿੱਲੀ: ਦੇਸ਼ ਅੰਦਰ ਤੇਲ ਕੀਮਤਾਂ ਵਿਚ ਵਾਧਾ ਲਗਾਤਾਰ ਜਾਰੀ ਹੈ। ਇਹ ਵਾਧਾ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਹੋ ਰਿਹਾ ਹੈ। ਇਸ ਦਾ ਅਸਰ ਸਿੱਧਾ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧੇ ਦੇ ਰੂਪ ਵਿਚ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਪਟਰੌਲ ਦੀ ਕੀਮਤ 84.70 ਰੁਪਏ ਹੋ ਗਈ ਹੈ। ਅੱਜ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 22 ਪੈਸੇ ਤੋਂ ਵਧੇਰੇ ਦਾ ਵਾਧਾ ਹੋਇਆ ਹੈ। ਇਹ ਵਾਧਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ।

ਇਸ ਨਾਲ ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ ਤਕ ਦੇ ਉੱਚੇ ਪੱਧਰ ਦੇ ਕਰੀਬ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 74.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 91.32 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮੁੰਬਈ 'ਚ ਡੀਜ਼ਲ ਦੀ ਕੀਮਤ 81.60 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ। ਕੋਲਕਾਤਾ 'ਚ ਪੈਟਰੋਲ ਦੇ ਭਾਅ 86.15 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਏ ਹਨ। ਡੀਜ਼ਲ 78.47 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤੋਂ ਇਲਾਵਾ ਚੇਨੱਈ 'ਚ ਪੈਟਰੋਲ 87.40 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਜਦਕਿ ਡੀਜ਼ਲ 80 ਰੁਪਏ 19 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ।

ਦੂਜੇ ਪਾਸੇ ਤੇਲ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਸ ਦਾ ਪਿਛੋਕੜ ਵੀ ਸਰਕਾਰ ਵਲੋਂ ਕਰੋਨਾ ਕਾਲ ਦੌਰਾਨ ਉਠਾਏ ਗਏ ਸਖਤ ਕਦਮਾਂ ਨਾਲ ਜੁੜਿਆ ਹੋਇਆ ਹੈ। ਕਰੋਨਾ ਕਾਲ ਦੌਰਾਨ ਜਦੋਂ ਸਮੂਹ ਲੋਕਾਈ ਨੂੰ ਜਾਨ ਦੇ ਲਾਲੇ ਪਏ ਹੋਏ ਸਨ, ਉਸ ਵੇਲੇ ਕੇਂਦਰ ਸਰਕਾਰ ਨੇ ਆਰਡੀਨੈਂਸਾਂ ਦੇ ਰੂਪ ਵਿਚ ਖੇਤੀ, ਬਿਜਲੀ ਅਤੇ ਲੇਵਰ ਨਾਲ ਸਬੰਧਤ ਕਾਰਪੋਰੇਟ ਪੱਖੀ ਕਾਨੂੰਨਾਂ ਨੂੰ ਲਿਆਉਣ ਵਰਗੇ ਕਦਮ ਚੁਕੇ ਸਨ। ਵਿਸ਼ਵ ਪੱਧਰ ਤੇ ਆਵਾਜਾਈ ਜਾਮ ਹੋਣ ਕਾਰਨ ਉਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਮੂਧੇ ਮੂੰਹ ਜਾਂ ਡਿਗੀਆਂ ਸਨ।

ਉਸ ਵੇਲੇ ਕੇਂਦਰ ਸਰਕਾਰ ਨੇ ਚਲਾਕੀ ਨਾਲ ਇਸ ਦਾ ਲਾਭ ਉਪਭੋਗਤਾ ਨੂੰ ਦੇਣ ਦੀ ਥਾਂ ਇਸ ਬਚਤ ਦਾ ਮੂੰਹ ਆਪਣੇ ਖਜਾਨੇ ਵੱਲ ਮੌੜ ਲਿਆ। ਇਸ ਦਾ ਖਮਿਆਜਾਂ ਲੋਕ ਕੌਮਾਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਭੁਗਤ ਰਹੇ ਹਨ ਪਰ ਕੇਂਦਰ ਸਰਕਾਰ ਨੇ ਆਬਕਾਰੀ ਡਿਊਟੀ ਵਿਚ ਕੀਤੇ ਵਾਧੇ ਨੂੰ ਲੈਣ ਦੀ ਥਾਂ ਘੇਸ ਮਾਰੀ ਹੋਈ ਹੈ। ਇਸ ਕਾਰਨ ਸਰਕਾਰ ਦਾ ਖਜਾਨਾ ਮਾਲਾਮਾਲ ਹੋ ਰਿਹਾ ਹੈ ਜਦਕਿ ਕਰੋਨਾ ਕਾਲ ਦੀ ਝੰਭੀ ਲੋਕਾਈ ਨੂੰ ਮਹਿੰਗੇ ਤੇਲ ਅਤੇ ਚਾਣਚੱਕ ਲਾਏ ਲਾਕਡਾਊਨ ਕਾਰਨ ਫੈਲੀ ਬੇਰੁਜ਼ਗਾਰੀ ਕਾਰਨ ਖੂਨ ਦੇ ਅੱਥਰੂ ਵਹਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਕਾਬਲੇਗੌਰ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਇੰਨੀਆਂ ਵੀ ਨਹੀਂ ਵਧੀਆਂ ਕਿ ਪਟਰੌਲ ਡੀਜ਼ਲ ਦੀ ਕੀਮਤ ਏਨੀ ਜ਼ਿਆਦਾ ਹੋ ਜਾਵੇ। ਇਸ ਵੇਲੇ ਅਮਰੀਕੀ ਵੇਸਟ ਟੈਕਸਾਸ ਇੰਟਰਮੀਡੀਏਟ 53.88 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਟ ਕੱਚਾ ਤੇਲ 57.37 ਪ੍ਰਤੀ ਡਾਲਰ 'ਤੇ ਪਹੁੰਚਿਆ ਹੈ। ਮਾਹਰਾਂ ਮੁਤਾਬਕ ਇਸ ਤੋਂ ਪਹਿਲਾਂ ਸਾਲ 2018 ਦੌਰਾਨ ਇਕ ਵਾਰ ਪਟਰੌਲ ਦੀ ਕੀਮਤ 84 ਰੁਪਏ ਤਕ ਪਹੁੰਚੀ ਸੀ। ਉਸ ਵਕਤ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਸੀ। ਪਰ ਅੱਜ ਸਰਕਾਰ ਵਲੋਂ ਕਰੋਨਾ ਕਾਲ ਦੌਰਾਨ ਤੇਲ ਕੀਮਤਾਂ ਤੇ ਵਧਾਈ ਆਬਕਾਰੀ ਡਿਊਟੀ ਕਾਰਨ ਕੱਚੇ ਤੇਲ ਦੀ ਕੀਮਤ 54 ਡਾਲਰ ਪ੍ਰਤੀ ਬੈਰਲ ਹੋਣ ’ਤੇ ਹੀ ਪਟਰੋਲ ਦੀ ਕੀਮਤ 84 ਰੁਪਏ ’ਤੇ ਪਹੁੰਚ ਗਈ ਹੈ।

ਸੂਤਰਾਂ ਮੁਤਾਬਕ ਸਾਲ 2019 ਦੇ ਸ਼ੁਰੂ ਵਿਚ ਪਟਰੌਲ ’ਤੇ ਕੇਂਦਰ ਸਰਕਾਰ ਦੀ ਆਬਕਾਰੀ ਡਿਊਟੀ 19.98 ਰੁਪਏ ਪ੍ਰਤੀ ਲੀਟਰ ਸੀ ਜੋ ਜਨਵਰੀ 2021 ਵਿਚ ਵੱਧ ਕੇ 32.98 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸੇ ਤਰ੍ਹਾਂ ਉਸ ਸਮੇਂ ਡੀਜ਼ਲ ’ਤੇ ਆਬਕਾਰੀ ਡਿਊਟੀ 15.83 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ 31.83 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਚੁੱਕੀ ਹੈ। ਕੇਂਦਰ ਸਰਕਾਰ ਦੀ ਇਸ ਚਤੁਰਾਈ ਦਾ ਖਮਿਆਜ਼ਾ ਜਨਤਾ ਮਹਿੰਗੀਆਂ ਤੇਲ ਕੀਮਤਾਂ ਦੇ ਰੂਪ ਵਿਚ ਭੂਗਤ ਰਹੀ ਹੈ ਜਦਕਿ ਸਰਕਾਰ ਲੋਕ ਸਭਾ ਦੀ ਇਮਾਰਤ ਬਣਾਉਣ ਵਰਗੇ ਹਜ਼ਾਰਾਂ ਕਰੋੜੀ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਕੇ ਵਾਹ-ਵਾਹੀ ਖੱਟਣ ਦੇ ਰਾਹ ਪਈ ਹੋਈ ਹੈ। ਜੇਕਰ ਸਰਕਾਰ ਨੇ ਲੋਕਾਈ ਦੇ ਦਰਦ ਨੂੰ ਸਮਝਦਿਆਂ ਆਪਣੇ ਅਜਿਹੇ ਫੈਸਲਿਆਂ ‘ਤੇ ਨਜ਼ਰਸਾਨੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਉਸਨੂੰ ਵੱਡੇ ਲੋਕ-ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।