ਮੋਦੀ ਵੱਲੋਂ ਮਿਲੇ ਐਵਾਰਡ ਨੂੰ ਮੋੜਨ ਵਾਲੇ ਨੌਜਵਾਨ ਨੇ ਬਣਾਈ ਕੇਂਦਰ ਸਰਕਾਰ ਦੀ ਰੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

18 ਲੱਖ ਦੀ ਥਾਂ 18 ਕਰੋੜ ਵੀ ਹੁੰਦਾ ਤਾਂ ਵੀ ਮੋਦੀ ਸਰਕਾਰ ਦੇ ਮੂੰਹ ‘ਤੇ ਮਾਰਦੇ...

Sarpanch PreetInder Singh

ਨਵੀਂ ਦਿੱਲੀ (ਸ਼ੈਸ਼ਵ ਨਾਗਰਾ): ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਲੇਖਕਾਂ, ਕਲਾਕਾਰਾਂ, ਖਿਡਾਰੀਆਂ, ਅਤੇ ਸਿਆਸਤਦਾਨਾਂ ਵੱਲੋਂ ਐਵਾਰਡ ਮੋੜਨ ਦੀ ਤਹਿਰੀਕ ‘ਚ ਸ਼ਾਮਲ ਹੁੰਦਿਆਂ ਪਿੰਡ ਰਣਸੀਹ ਕਲਾਂ (ਮੋਗਾ) ਦੇ ਉਘੇ ਸਰਪੰਚ ਪ੍ਰੀਤਇੰਦਰਪਾਲ ਸਿੰਘ ਨੇ ਵੀ ਮੋਦੀ ਸਰਕਾਰ ਵੱਲੋਂ ਦਿੱਤੇ ਐਵਾਰਡਾਂ ਨੂੰ ਵਾਪਸ ਮੋੜ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਮੈਂ ਦਿੱਲੀ ਸਰਹੱਦ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੇ ਵਿਵਹਾਰ ਤੋਂ ਦੁਖੀ ਹਾਂ।

ਨਿਰੰਤਰ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਲਈ ਕੋਈ ਅੰਤਿਮ ਉਮੀਦ ਨਹੀਂ ਉਭਰੀ ਹੈ। ਇਸ ਕਾਰਨ, ਮੈਂ ਕਿਸਾਨਾਂ ਦੇ ਸਮਰਥਨ ਵਿਚ ਆਪਣੇ ਐਵਾਰਡ ਵਾਪਸ ਕਰ ਰਿਹਾ ਹਾਂ। ਖ਼ਾਸ ਗੱਲ ਇਹ ਹੈ ਕਿ ਪਿੰਡ ਰਣਸੀਹ ਕਲਾਂ ਦੇ ਮਸ਼ਹੂਰ ਸਰਪੰਚ ਹਨ, ਜਿਨ੍ਹਾਂ ਨੇ ਪਿੰਡ ਦੀ ਦਿੱਖ ਨੂੰ ਹੀਰੇ ਵਾਂਗੂੰ ਚਮਕਾ ਕੇ ਰੱਖ ਦਿੱਤਾ। ਉਨ੍ਹਾਂ ਵੱਲੋਂ ਪਿੰਡ ਵਿਚ ਕਰਵਾਏ ਗਏ ਕੰਮਾਂ ਦੀਆਂ ਗੱਲਾਂ ਅਤੇ ਝਲਕੀਆਂ ਲੋਕਾਂ ਵਿਚ ਬਹੁਤ ਮਕਬੂਲ ਹੋਈਆਂ ਹਨ।

ਇਸ ਦੌਰਾਨ ਸਰਪੰਚ ਨੇ ਕਿਹਾ ਕਿ ਲੋਕਤੰਤਰ ਦੇ ਵਿਚ ਧਰਨਾ ਪ੍ਰਦਰਸ਼ਨ ਕਰਨਾ ਲੋਕਾਂ ਹੱਕ ਹੈ, ਸਾਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਧਰਨਾ ਪ੍ਰਦਰਸ਼ਨ ‘ਚ ਬੈਠਿਆਂ ਲਗਾਤਾਰ 47ਵਾਂ ਦਿਨ ਹੈ ਅਤੇ ਅਸੀਂ ਆਪਣੇ ਹੱਕਾਂ ਦੀ ਲੜਾਈ ਇੱਥੇ ਲੜ ਰਹੇ ਹਾਂ ਤੇ ਜਿੱਤ ਕੇ ਹੀ ਜਾਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਸਾਡਾ ਭਰੋਸਾ ਉੱਠ ਚੁੱਕਿਆ ਹੈ ਕਿਉਂਕਿ ਇਹੋ ਜਿਹੇ ਕਾਲੇ ਕਾਨੂੰਨ ਸਾਡੀਆਂ ਹਕੂਮਤਾਂ ਬਣਾ ਰਹੀਆਂ ਹਨ।

ਸਰਪੰਚ ਪ੍ਰੀਤਇੰਦਰ ਨੇ ਕਿਹਾ ਕਿ ਪਰਜਾ ਦਾ ਹਕੂਮਤ ਤੋਂ ਵਿਸ਼ਵਾਸ  ਉੱਠ ਚੁੱਕਿਆ ਹੈ, ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ਼ ਅਦਾਲਤਾਂ ‘ਤੋਂ ਉੱਠ ਜਾਣਾ ਹੈ ਕਿਉਂਕਿ ਅਦਾਲਤਾਂ ਵੀ ਸਰਕਾਰਾਂ ਦੇ ਪੱਖ ਦੀ ਗੱਲ ਕਰਦੀਆਂ ਹਨ। ਸਰਕਾਰ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤ ਕੇ ਦੇਖ ਲਏ ਹਨ ਜਿਵੇ, ਸਾਨੂੰ ਅਤਿਵਾਦੀ ਵੀ ਕਿਹਾ, ਵੱਖਵਾਦੀ ਵੀ ਕਿਹਾ, ਹੁਣ ਸਰਕਾਰ ਸੁਪਰੀਮ ਕੋਰਟ ਦਾ ਸਹਾਰਾ ਲੈ ਕਾਨੂੰਨਾਂ ‘ਤੇ ਰੋਕ ਲਗਾਕੇ ਸਾਨੂੰ ਇੱਥੋਂ ਭਜਾਉਣਾ ਚਾਹੁੰਦੀ ਹੈ ਪਰ ਸਰਕਾਰ ਦੀ ਕੋਈ ਵੀ ਲੂੰਬੜ ਚਾਲ ਇਸ ਅੰਦੋਲਨ ਨੂੰ ਫੇਲ੍ਹ ਕਰਨ ਲਈ ਸਫ਼ਲ ਨਹੀਂ ਹੋ ਸਕਦੀ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਇੱਥੋਂ ਨਹੀਂ ਜਾਣਗੇ, ਸਾਡੀ ਗੱਲ ਲੋਕਤੰਤਰ ‘ਚ ਵੀ ਸੁਣਨੀ ਚਾਹੀਦੀ ਤੇ ਅਦਾਲਤਾਂ ‘ਚ ਵੀ ਸਾਡੀ ਗੱਲ ਸੁਣਨੀ ਚਾਹੀਦੀ ਪਰ ਕਮੇਟੀ ਬਣਾਉਣ ਦਾ ਫ਼ੈਸਲਾ ਸਾਡੀਆਂ ਕਿਸਾਨ ਜਥੇਬੰਦੀਆਂ ਕਰਨਗੀਆਂ, ਇਹ ਫ਼ੈਸਲਾ ਕੋਈ ਹੋਰ ਨਹੀਂ ਲੈ ਸਕਦਾ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਕਿਸਾਨਾਂ ਨੂੰ ਅਤੇ ਕਿਸਾਨੀ ਨੂੰ ਮਾਰਨ ਵਾਲੇ ਹਨ ਸੋ ਇਹ ਰੱਦ ਹੀ ਹੋਣੇ ਚਾਹੀਦੇ ਹਨ। ਐਵਾਰਡਾਂ ਨੂੰ ਮੋੜਨ ਨੂੰ ਲੈ ਉਨ੍ਹਾਂ ਕਿਹਾ ਕਿ, ‘ਜਦੋਂ ਸ਼ਮਾ ਬਲਦੀ ਹੈ ਤਾਂ ਪਤੰਗੇ ਆਪਣੀ ਰੀਤ ‘ਤੇ ਪ੍ਰੀਤ ਨਿਭਾਉਣ ਆਉਂਦੇ ਹਨ, ਸਾਰੇ ਲੋਕ ਮੋਦੀ ਦੇ ਕਾਲੇ ਕਾਨੂੰਨਾਂ ਨੂੰ ਲੈ ਆਪਣੇ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ, ਅਤੇ ਪੰਜਾਬ ਦੀਆਂ ਉੱਘੀਆਂ ਹਸਤੀਆਂ ਵੱਲੋਂ ਐਵਾਰਡ ਮੋੜਨ ਦੀ ਪ੍ਰਥਾ ਵੀ ਚਲਾਈ ਗਈ ਸੀ, ਜਿਵੇਂ ਪਦਮ ਵਿਭੂਸ਼ਣ ਐਵਾਰਡ, ਅਰਜਨ ਐਵਾਰਡ, ਨੈਸ਼ਨਲ ਐਵਾਰਡ ਵਾਪਸ ਵੀ ਕੀਤੇ ਸਨ। ਉਨ੍ਹਾਂ ਕਿਹਾ ਕਿ ਗੋਦੀ ਮੀਡੀਆ ਨੇ ਸਾਡੀ ਗੱਲ ਚੁੱਕੀ ਕਿ ਐਵਾਰਡ ਤਾਂ ਮੋੜ ਦਿੱਤੇ ਪਰ ਨਾਲ ਦਿੱਤੇ ਪੈਸੇ ਕਿਉਂ ਨਹੀਂ ਮੋੜੇ, ਇਸਨੂੰ ਲੈ ਕੇ ਅਸੀਂ ਆਪਣੇ ਪੰਜਾਬ ਤੇ ਕਿਸਾਨੀ ਲਈ ਐਵਾਰਡ ਅਤੇ 18 ਲੱਖ ਰੁਪਏ ਵਾਪਸ ਕਰ ਦਿੱਤੇ।