ਕਿਸਾਨੀ ਅੰਦੋਲਨ 'ਚ ਸਿੱਖੀ ਦਾ ਇੰਨਾ ਪ੍ਰਚਾਰ ਹੋਇਆ, ਜਿੰਨਾ ਸੌ ਸਾਲ 'ਚ ਨੀ ਹੋਇਆ: ਭਾਈ ਰਣਧੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਤੋਂ ਉੱਠੇ ਹੋਏ ਕਿਸਾਨੀ ਸੰਘਰਸ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ...

Bhai Randhir Singh

ਨਵੀਂ ਦਿੱਲੀ (ਅਰਪਨ ਕੌਰ): ਪੰਜਾਬ ਤੋਂ ਉੱਠੇ ਹੋਏ ਕਿਸਾਨੀ ਸੰਘਰਸ਼ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਘਰਾਂ ਦੇ ਐਸ਼ ਤੇ ਆਰਾਮ ਛੱਡ ਕੇ ਲੋਕ ਕਿਸਾਨੀ ਮੋਰਚੇ ‘ਤੇ ਲਗਾਤਾਰ ਡਟੇ ਹੋਏ ਹਨ, ਸੜਕਾਂ 'ਤੇ ਮੰਗਣ ਦੀ ਬਜਾਏ ਇਹ ਵਰਤਾ ਰਹੇ ਹਨ, ਬਣਜਾਰੇ ਬਨਣ ਦੀ ਬਜਾਏ ਇਹ ਅਣਖੀ ਨਜ਼ਰ ਆ ਰਹੇ ਹਨ। ਕਿਸਾਨੀ ਮੋਰਚਾ ਲੋਕ ਲਹਿਰ ਬਣ ਚੁੱਕਿਆ ਹੈ ਤੇ ਕਿਸਾਨ ਅੰਦੋਲਨ ‘ਚ ਸੇਵਾ ਦੀਆਂ, ਭਾਈਚਾਰੇ ਦੀਆਂ ਮਿਸਾਲਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਹਨ।

ਗੁਰੂ ਨਾਨਕ ਦੇਵ ਜੀ ਦੇ ਵਚਨ ‘ਸਭ ਕੁਝ ਤੇਰਾ-ਤੇਰਾ’ ਦੀ ਰਾਹ ‘ਤੇ ਚਲਦਿਆਂ ਜਦੋਂ ਅਸੀਂ ਇਸ ਅੰਦੋਲਨ ਨੂੰ ਨੇੜਿਓ ਦੇਖਦੇ ਹਾਂ ਤਾਂ ਇੱਥੇ ਵੀ ਸਾਰੇ ਲੋਕ ਤੇਰਾ-ਤੇਰਾ ਕਹਿੰਦੇ ਨਜ਼ਰ ਆ ਰਹੇ ਹਨ ਕਿਉਂਕਿ ਸਿੱਖ ਜਥੇਬੰਦੀਆਂ ਵੀ ਕਿਸਾਨੀ ਸੰਘਰਸ਼ ‘ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ ਤੇ ਆਪਣੀਆਂ ਸੇਵਾਵਾਂ ਵੀ ਦੇ ਰਹੀਆਂ ਹਨ। ਉੱਥੇ ਹੀ ਅੱਜ ਕਿਸਾਨੀ ਮੋਰਚੇ ‘ਤੇ ਟੈਂਟ ‘ਚ ਪੰਥ ਸੇਵਕ ਜਥਾ ਦੁਆਬਾ ਤੋਂ ਭਾਈ ਰਣਧੀਰ ਸਿੰਘ ਜੀ ਵੀ ਉੱਚੇਚੇ ਤੌਰ ‘ਤੇ ਪਹੁੰਚੇ ਹਨ।

ਇਸੇ ਦੌਰਾਨ ਭਾਈ ਰਣਧੀਰ ਸਿੰਘ ਨੇ ਕਿਹਾ ਕਿ ਅਸੀਂ ਪੇਸ਼ੇ ਦੇ ਤੌਰ ‘ਤੇ ਕਿਸਾਨ ਹੀ ਹਾਂ ਅਤੇ ਇੱਥੇ ਸਾਡੀ ਸਹਿਯੋਗੀ ਦੀ ਭੂਮਿਕਾ ਹੈ ਕਿਉਂਕਿ ਅਸੀਂ ਪੰਥ ਦੇ ਸਰਕਲਾਂ ਵਿਚੋਂ ਵਿਚਰਦੇ ਹਾਂ। ਉਨ੍ਹਾਂ ਕਿਹਾ ਕਿ ਪੰਥ ਦੇ ਸੇਵਕ ਹੋਣ ਦੇ ਨਾਤੇ ਮਹਾਰਾਜ ਦੇ ਹੁਕਮ ਅਨੁਸਾਰ ਜਦੋਂ ਕੋਈ ਜਰਵਾਣਾ ਚੜ੍ਹ ਕੇ ਆਵੇ ਅਤੇ ਜਦੋਂ ਕੋਈ ਨਿਤਾਣਾ ਆਪਣਾ ਬਚਾਓ ਨਾ ਕਰ ਸਕੇ ਤਾਂ ਹਰ ਇੱਕ ਸਿੱਖ ਦਾ ਫ਼ਰਜ਼ ਬਣਦੈ ਕਿ ਉਹ ਨਿਤਾਣੇ ਦੇ ਹੱਕ ‘ਚ ਅਤੇ ਜਰਵਾਣਾ ਦੇ ਖਿਲਾਫ਼ ਡਟ ਕੇ ਖੜਨਾ ਚਾਹੀਦਾ ਹੈ।

ਭਾਈ ਰਣਧੀਰ ਨੇ ਕਿਹਾ ਕਿ ਜਿਵੇਂ ਭਾਜਪਾ ਦੀ ਸਰਕਾਰ ਦਾ ਇਹ ਕਿਸਾਨਾਂ ਵਿਰੁੱਧ ਬਿੱਲ ਲੈ ਕੇ ਆਉਣਾ ਹੈ, ਜਿਸ ਤਰੀਕੇ ਨਾਲ ਉਨ੍ਹਾਂ ਦੇ ਪਿੱਛੇ ਆਰ.ਐਸ.ਐਸ ਦੇ ਹੋਰ ਏਜੰਡੇ ਵੀ ਕਈਂ ਹਨ ਤੇ ਇੰਟਰਨੈਸ਼ਨਲ ਕਾਰਪੋਰੇਟ ਨੇ ਵੀ ਜਰਵਾਣੇ ਦਾ ਰੂਪ ਹੀ ਧਾਰਿਆ ਹੋਇਆ ਹੈ, ਉਨ੍ਹਾਂ ਦੇ ਖਿਲਾਫ਼ ਖੜ੍ਹਨਾ ਤੇ ਇਸ ਸਮੇਂ ਕਿਸਾਨ ਵੀ ਨਿਤਾਣੇ ਹੀ ਹਨ ਕਿਉਂਕਿ ਉਨ੍ਹਾਂ ਕੋਲ ਸਰਕਾਰ ਦੇ ਮੁਕਾਬਲੇ ਕੋਈ ਵੀ ਸ੍ਰੋਤ ਨਹੀਂ ਹਨ।

ਭਾਈ ਰਣਧੀਰ ਨੇ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਲਈ ਅਸੀਂ ਇੱਥੇ ਆਏ ਹੋਏ ਹਾਂ ਤੇ ਪਿਛਲੇ 50 ਦਿਨਾਂ ਤੋਂ ਜਿੰਨੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜਿੰਨੀ ਸ਼ਾਨ ਨਾਨ- ਸਿੱਖਾਂ ਦੇ ਵਿਚ ਫ਼ੈਲੀ ਹੈ, ਓਨੀ ਕਦੇ 100 ਸਾਲ ਦੇ ਪ੍ਰਚਾਰ ਵਿਚ ਨੀ ਫੈਲੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦਾ ਅਮਲ, ਨਿਸ਼ਕਾਮ ਰਹਿ ਕੇ ਸਿੱਖ ਜਥੇ, ਲੰਗਰ ਵਰਤਾਉਣ, ਜਾਂ ਰਹਿਣ ਵਸੇਰੇ ਕਰਨ ਵਾਲੇ ਹੋਣ, ਜਾਂ ਜਿਵੇਂ ਕਿਤਾਬਾਂ ਦੀ ਫਰੀ ਸੇਵਾ ਲੱਗੀ ਹੋਈ ਹੈ ਅਤੇ ਕੋਈ ਵੀ ਅਜਿਹੀ ਸੇਵਾ ਨਹੀਂ ਜਿੱਥੇ ਸਿੱਖ ਜਥੰਬੰਦੀਆਂ ਨੇ ਆਪਣੇ ਰੋਲ ਨਾ ਨਿਭਾਇਆ ਹੋਵੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਮੋਦੀ ਸਰਕਾਰ ਅਪਣੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਅਸੀਂ ਘਰਨੂੰ ਨਹੀਂ ਜਾਵਾਂਗੇ।