62 ਸਾਲਾ ਵਿਅਕਤੀ ਨੇ ਆਪਣੀ 50 ਸਾਲਾ ਪ੍ਰੇਮਿਕਾ 'ਤੇ ਸੁੱਟਿਆ ਤੇਜ਼ਾਬ
ਹਮਲੇ 'ਚ 52 ਫ਼ੀਸਦੀ ਝੁਲਸੀ ਔਰਤ, ਮੁਲਜ਼ਮ ਗ੍ਰਿਫ਼ਤਾਰ
ਮੁੰਬਈ - ਦੱਖਣੀ ਮੁੰਬਈ ਦੇ ਭੁਲੇਸ਼ਵਰ 'ਚ ਇੱਕ 62 ਸਾਲਾ ਵਿਅਕਤੀ ਨੂੰ ਆਪਣੀ 50 ਸਾਲਾ ਪ੍ਰੇਮਿਕਾ 'ਤੇ ਤੇਜ਼ਾਬ ਸੁੱਟਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਔਰਤ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੇ ਉਸ ਦੇ 52% ਝੁਲਸ ਜਾਣ ਦੀ ਜਾਣਕਾਰੀ ਦਿੱਤੀ ਹੈ।
ਐੱਲ.ਟੀ.ਮਾਰਗ ਪੁਲਿਸ ਨੇ ਦੱਸਿਆ ਕਿ ਦੋਸ਼ੀ ਮਹੇਸ਼ ਪੁਜਾਰੀ, ਜੋ ਉਕਤ ਔਰਤ ਨਾਲ ਪਿਛਲੇ ਕੁਝ ਸਾਲਾਂ ਤੋਂ ਸਬੰਧਾਂ 'ਚ ਸੀ, ਉਸ ਨੂੰ ਛੱਡਣ ਲਈ ਕਹਿਣ 'ਤੇ ਉਸ ਨਾਲ ਨਰਾਜ਼ ਸੀ।
ਪੁਲਿਸ ਨੇ ਦੱਸਿਆ ਕਿ ਭੁਲੇਸ਼ਵਰ ਦਾ ਰਹਿਣ ਵਾਲਾ ਪੁਜਾਰੀ ਆਪਣੀ ਪ੍ਰੇਮਿਕਾ ਦੇ ਘਰ ਦੇ ਨੇੜੇ ਹੀ ਲੁਕਿਆ ਹੋਇਆ ਸੀ ਅਤੇ ਸ਼ੁੱਕਰਵਾਰ ਸਵੇਰੇ ਜਦੋਂ ਉਹ ਦਰਵਾਜ਼ਾ ਖੋਲ੍ਹ ਕੇ ਪਾਣੀ ਲੈਣ ਲਈ ਬਾਹਰ ਆਈ ਤਾਂ ਉਸ ਨੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ, ਜਿਹੜਾ ਉਹ ਬੋਤਲ 'ਚ ਪਾ ਕੇ ਲਿਆਇਆ ਸੀ।
ਔਰਤ ਨੇ ਮਦਦ ਲਈ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਤਾੜਦੇਓ ਦੇ ਭਾਟੀਆ ਹਸਪਤਾਲ ਲਿਜਾਇਆ ਗਿਆ। ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਹ ਲਗਭਗ 52 ਫ਼ੀਸਦੀ ਝੁਲਸ ਚੁੱਕੀ ਹੈ।
ਐਲ.ਟੀ. ਮਾਰਗ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ, "ਉਹ ਔਰਤ ਦੇ ਚਾਲ ਵਾਲੇ ਕਮਰੇ ਵਿੱਚ ਇਕੱਠੇ ਰਹਿੰਦੇ ਸਨ। ਔਰਤ ਦਾ ਪਤੀ ਉਸ ਨੂੰ ਕਾਫ਼ੀ ਸਮਾਂ ਪਹਿਲਾਂ ਛੱਡ ਗਿਆ ਸੀ, ਅਤੇ ਆਦਮੀ ਦੀ ਪਤਨੀ ਨੇ ਵੀ ਉਸ ਨੂੰ ਛੱਡ ਦਿੱਤਾ ਸੀ। ਪਹਿਲੇ ਵਿਆਹ ਤੋਂ ਉਸ ਵਿਅਕਤੀ ਦੇ ਇੱਕ ਧੀ ਅਤੇ ਇੱਕ ਪੁੱਤਰ ਹਨ, ਜਦ ਕਿ ਔਰਤ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਹਨ।"
ਪਿਛਲੇ ਕੁਝ ਸਾਲਾਂ ਤੋਂ ਉਹ ਅਕਸਰ ਲੜਦੇ ਰਹਿੰਦੇ ਸਨ, ਕਿਉਂਕਿ ਔਰਤ ਉਸ ਨੂੰ ਉਸ ਦਾ ਘਰ ਛੱਡ ਕੇ ਕਫ਼ੇ-ਪਰੇਡ ਵਿੱਚ ਰਹਿੰਦੀ ਆਪਣੀ ਪਤਨੀ ਕੋਲ ਜਾਣ ਲਈ ਕਹਿ ਰਹੀ ਸੀ।
“ਔਰਤ ਨੇ ਉਸ ਨੂੰ ਕਿਹਾ ਸੀ ਕਿ ਉਸ ਦੇ ਬੱਚੇ ਹੁਣ ਵੱਡੇ ਹੋ ਗਏ ਹਨ, ਇਸ ਲਈ ਉਸ ਨੂੰ ਉਸ ਦੇ ਘਰ ਨਹੀਂ ਆਉਣਾ ਚਾਹੀਦਾ। ਉਸ ਨੇ ਉਸ ਲਈ ਦਰਵਾਜ਼ਾ ਖੋਲ੍ਹਣਾ ਵੀ ਬੰਦ ਕਰ ਦਿੱਤਾ ਸੀ, ਜਿਸ 'ਤੇ ਵਿਅਕਤੀ ਨੂੰ ਗੁੱਸਾ ਆਇਆ ਸੀ," ਇੱਕ ਪੁਲਿਸ ਅਧਿਕਾਰੀ ਨੇ ਕਿਹਾ।
ਜ਼ੋਨ-2 ਦੇ ਡਿਪਟੀ ਕਮਿਸ਼ਨਰ ਪੁਲਿਸ ਡਾ: ਅਭਿਨਵ ਦੇਸ਼ਮੁਖ ਨੇ ਕਿਹਾ ਕਿ ਤੁਰੰਤ ਟੀਮਾਂ ਦਾ ਗਠਨ ਕਰਕੇ ਅਤੇ ਦੋਸ਼ੀ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਕਿਹਾ ਕਿ ਮੁਲਜ਼ਮ ਪੁਜਾਰੀ ਪਹਿਲਾਂ ਵੀ ਕਫ਼ੇ ਪਰੇਡ ਇਲਾਕੇ 'ਚ ਕਈ ਗ਼ੈਰ-ਕਨੂੰਨੀ ਹਰਕਤਾਂ ਵਿੱਚ ਸ਼ਾਮਲ ਰਿਹਾ ਹੈ।