2019 ਦੇ ਕਤਲ ਤੇ ਲੁੱਟ ਮਾਮਲੇ 'ਚ ਇੱਕ ਮਾਓਵਾਦੀ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਮਲੇ 'ਚ 3 ਅਧਿਕਾਰੀਆਂ ਦਾ ਕਤਲ ਹੋਇਆ ਸੀ, ਅਤੇ ਉਨ੍ਹਾਂ ਦਾ ਅਸਲਾ ਲੁੱਟਿਆ ਗਿਆ ਸੀ

Representative Image

 

ਪਟਨਾ - ਬਿਹਾਰ ਦੇ ਲਖੀਸਰਾਏ ਵਿੱਚ ਵਧੀਕ ਜ਼ਿਲ੍ਹਾ ਜੱਜ ਅਦਾਲਤ ਨੇ ਸ਼ਨੀਵਾਰ ਨੂੰ ਮਾਓਵਾਦੀ ਰਾਜੇਸ਼ ਕੋਡਾ ਨੂੰ ਸਰਕਾਰੀ ਰੇਲਵੇ ਪੁਲਿਸ 'ਤੇ ਹਮਲੇ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਘਟਨਾ 'ਚ ਤਿੰਨ ਅਧਿਕਾਰੀ ਮਾਰੇ ਗਏ ਸਨ।

19 ਨਵੰਬਰ 2013 ਨੂੰ ਹੋਏ ਇੱਕ ਹਮਲੇ ਵਿੱਚ, ਸਾਹਿਬਾਗੰਜ-ਦਾਨਾਪੁਰ ਇੰਟਰਸਿਟੀ ਐਕਸਪ੍ਰੈਸ ਦੀ ਰੇਲਵੇ ਪੁਲਿਸ ਐਸਕਾਰਟ ਪਾਰਟੀ ਦੇ ਤਿੰਨ ਅਧਿਕਾਰੀ ਮਾਰੇ ਗਏ ਸਨ ਅਤੇ ਮਾਓਵਾਦੀਆਂ ਨੇ ਉਨ੍ਹਾਂ ਦੇ ਹਥਿਆਰ ਅਤੇ ਗੋਲਾ-ਬਾਰੂਦ ਲੁੱਟ ਲਏ ਸੀ।

ਘਟਨਾ ਤੋਂ ਬਾਅਦ, ਬਿਹਾਰ ਮਿਲਟਰੀ ਪੁਲਿਸ ਦੇ ਮੁਹੰਮਦ ਇਮਤਿਆਜ਼ ਅਲੀ ਦੇ ਬਿਆਨ ਅਤੇ ਸ਼ਿਕਾਇਤ ਦੇ ਆਧਾਰ 'ਤੇ, ਮਾਰੇ ਗਏ ਤਿੰਨ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਲੁੱਟਣ ਵਾਲੇ ਮਾਓਵਾਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਅਲੀ ਅਨੁਸਾਰ, ਇਹ ਘਟਨਾ ਪਾਟਮ ਹਾਲਟ ਸਟੇਸ਼ਨ 'ਤੇ ਸ਼ਾਮ 6 ਵਜੇ ਤੋਂ 6.30 ਵਜੇ ਦੇ ਵਿਚਕਾਰ ਵਾਪਰੀ, ਜਦੋਂ ਨਿਯਮਤ ਯਾਤਰੀਆਂ ਦੀ ਓਟ ਵਿੱਚ ਕੁਝ ਮਾਓਵਾਦੀ ਭਾਗਲਪੁਰ ਅਤੇ ਬਰਿਆਰਪੁਰ ਰੇਲਵੇ ਸਟੇਸ਼ਨਾਂ 'ਤੇ ਰੇਲਗੱਡੀ ਵਿੱਚ ਸਵਾਰ ਹੋ ਗਏ।

ਦਰਜ ਕੀਤੇ ਗਏ ਕੇਸ ਅਨੁਸਾਰ, ਮਾਓਵਾਦੀ ਦਸਤੇ ਦੇ ਮੈਂਬਰਾਂ ਦੀ ਗਿਣਤੀ 25 ਤੋਂ ਵੱਧ ਦੱਸੀ ਜਾਂਦੀ ਹੈ, ਉਹ ਹਥਿਆਰਾਂ ਨਾਲ ਲੈਸ ਹੋ ਕੇ ਰੇਲਗੱਡੀ ਵਿੱਚ ਚੜ੍ਹੇ ਅਤੇ ਸਾਰਿਆਂ ਦੀ ਤਲਾਸ਼ੀ ਲਈ। ਉਨ੍ਹਾਂ ਨੇ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਜੀ.ਆਰ.ਪੀ. ਮੁਲਾਜ਼ਮਾਂ ਨੂੰ ਪਛਾਣ ਲਿਆ ਅਤੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਜੀ.ਆਰ.ਪੀ. ਮੁਲਾਜ਼ਮਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਨ੍ਹਾਂ ਵਿੱਚੋਂ ਤਿੰਨ ਨੂੰ ਗੋਲੀ ਮਾਰ ਦਿੱਤੀ ਅਤੇ ਦੋ ਸਵਾਰੀਆਂ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ, ਭੋਲਾ ਕੁਮਾਰ ਠਾਕੁਰ ਅਤੇ ਉਦੈ ਕੁਮਾਰ ਯਾਦਵ ਵਜੋਂ ਹੋਈ ਸੀ। ਪੁਲਿਸ ਨੇ ਕਿਹਾ, "ਅੱਤਿਆਚਾਰੀਆਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਇਨਸਾਸ ਰਾਈਫ਼ਲਾਂ, ਕਾਰਬਾਈਨ, ਜ਼ਿੰਦਾ ਕਾਰਤੂਸ ਅਤੇ ਮੈਗਜ਼ੀਨ ਲੁੱਟ ਲਏ।"

ਵਧੀਕ ਸਰਕਾਰੀ ਵਕੀਲ ਰਾਮਵਿਲਾਸ਼ ਸ਼ਰਮਾ ਨੇ ਕਿਹਾ ਕਿ ਵਧੀਕ ਜ਼ਿਲ੍ਹਾ ਜੱਜ ਸ੍ਰੀਰਾਮ ਝਾਅ ਨੇ ਕੋਡਾ ਨੂੰ ਕਤਲ ਅਤੇ ਗ਼ੈਰ-ਕਨੂੰਨੀ ਇਕੱਠ ਕਰਨ ਦੇ ਸਬੰਧ ਵਿੱਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302/149 ਤਹਿਤ ਦੋਸ਼ੀ ਠਹਿਰਾਇਆ ਉਮਰ ਕੈਦ ਦੇ ਨਾਲ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। 

ਕੋਡਾ ਵੱਲੋਂ ਪੇਸ਼ ਹੋਏ ਵਕੀਲ ਧਨੰਜੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਇਸ ਫ਼ੈਸਲੇ ਖ਼ਿਲਾਫ਼ ਉੱਚ-ਅਦਾਲਤ ਦਾ ਰੁਖ਼ ਕਰੇਗਾ।