ਬਰਾਤੀ ਬਣ ਕੇ ਆਏ ਕਿਸਾਨ, ਬਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਨੇ ਕਿਹਾ ਕਿ ਵਿਭਾਗ ਦੱਸੇ ਕਿ ਸਾਡੇ ਮੁੱਦਿਆਂ ਤੇ ਬਿਜਲੀ ਦਾ ਵਿਆਹ ਕਦੋਂ ਹੋਵੇਗਾ?

Image

 

ਲਾਤੂਰ - ਮਹਾਰਾਸ਼ਟਰ ਦੇ ਲਾਤੂਰ ਵਿੱਚ ਕਿਸਾਨਾਂ ਨੇ ਵਿਆਹ ਵਾਲੇ ਕੱਪੜੇ ਪਾ ਕੇ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ (ਐਮ.ਐਸ.ਈ.ਡੀ.ਸੀ.ਐਲ.) ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨ ਦੌਰਾਨ ਕੁਝ ਕਿਸਾਨ ਘੋੜਿਆਂ 'ਤੇ ਵੀ ਸਵਾਰ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਐਮ.ਐਸ.ਈ.ਡੀ.ਸੀ.ਐਲ. ਦੇ ਨਿਲੰਗਾ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ 2018 ਵਿੱਚ ਡਿਸਟ੍ਰੀਬਿਊਸ਼ਨ ਟਰਾਂਸਫ਼ਾਰਮਰ ਲਈ ਭੁਗਤਾਨ ਕੀਤਾ ਸੀ, ਪਰ ਹੁਣ ਤੱਕ ਬਿਜਲੀ ਦੇ ਕੁਨੈਕਸ਼ਨ ਨਹੀਂ ਮਿਲੇ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ ਵਿਆਹ ਵਾਲੇ ਕੱਪੜੇ ਕਿਉਂ ਪਹਿਨੇ ਹਨ, ਅਤੇ ਘੋੜੇ ਕਿਉਂ ਲਿਆਏ ਹਨ ਤਾਂ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਕਿਹਾ, "ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਐਮ.ਐਸ.ਈ.ਡੀ.ਸੀ.ਐਲ. ਸਾਨੂੰ ਦੱਸੇ ਕਿ ਉਹ ਖੇਤੀਬਾੜੀ ਨਾਲ ਜੁੜੇ ਸਾਡੇ ਮੁੱਦੇ ਅਤੇ ਬਿਜਲੀ ਦਾ ਵਿਆਹ ਕਦੋਂ ਕਰਵਾਉਣਗੇ?"

ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, "20 ਪਿੰਡਾਂ ਦੇ ਕਿਸਾਨਾਂ ਨੂੰ ਡੀ.ਪੀ. ਦੀ ਅਦਾਇਗੀ ਕਰਨ ਦੇ ਬਾਵਜੂਦ ਬਿਜਲੀ ਨਾ ਮਿਲਣ ਕਾਰਨ ਫ਼ਸਲਾਂ ਦੀ ਸਿੰਚਾਈ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਅਸੀਂ ਦੇਰੀ ਦਾ ਕਾਰਨ ਜਾਣਨ ਲਈ ਬਿਜਲੀ ਕੰਪਨੀ ਦੇ ਦਫ਼ਤਰ ਜਾਂਦੇ ਹਾਂ, ਤਾਂ ਅਧਿਕਾਰੀ ਸਾਡੇ ਨਾਲ ਬਹੁਤ ਹੀ ਰੁੱਖੇ ਢੰਗ ਨਾਲ ਗੱਲ ਕਰਦੇ ਹਨ। ਇਸ ਲਈ ਅਸੀਂ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।"

ਪ੍ਰਦਰਸ਼ਨ ਦੀ ਅਗਵਾਈ ਸਥਾਨਕ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਆਗੂ ਲਿੰਬਨ ਰੇਸ਼ਮੇ ਨੇ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਅਤੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ।