ਕਾਲਜ ਪ੍ਰਸ਼ਾਸਨ ਦੀ ਸ਼ਰਮਨਾਕ ਕਰਤੂਤ : 68 ਲੜਕੀਆਂ ਨੂੰ ਉਤਾਰਨੇ ਪਏ ਅੰਦਰੂਨੀ ਕੱਪੜੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਲਜ ਡੀਨ ਨੇ ਮਾਮਲਾ ਹੋਸਟਲ ਦਾ ਕਹਿ ਕੇ ਝਾੜਿਆ ਪੱਲਾ

File photo

ਅਹਿਮਦਾਬਾਦ : ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇਕ ਕਾਲਜ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਾਲਜ ਦੇ ਹੋਸਟਲ ਵਿਚ ਰਹਿੰਦੀਆਂ 68 ਲੜਕੀਆਂ ਨੂੰ ਅੰਦਰੂਨੀ ਕੱਪੜੇ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਹੈ। ਗੁਜਰਾਤ ਦੇ ਕਸਬਾ ਭੁਜ ਵਿਖੇ ਸਥਿਤ ਸ੍ਰੀ ਸਹਜਾਨੰਦ ਗਰਲਜ਼ ਇੰਸਟੀਚਿਊਟ (ਐਸਐਸਜੀਆਈ) ਵਿਖੇ ਵਾਪਰੀ ਇਸ ਘਟਨਾ ਦੇ ਸ਼ੋਸ਼ਲ ਮੀਡੀਆ ਵਿਚ ਵਾਇਰਲ ਹੋਣ ਤੋਂ ਬਾਅਦ ਭਾਰੀ ਮੁਖਾਲਫ਼ਤ ਹੋ ਰਹੀ ਹੈ।

ਖ਼ਬਰਾਂ ਮੁਤਾਬਕ ਲੜਕੀਆਂ ਨੂੰ ਕਥਿਤ ਤੌਰ 'ਤੇ ਅੰਦਰੂਨੀ ਕੱਪੜੇ ਉਤਾਰਨ ਲਈ ਸਿਰਫ਼ ਇਸ ਲਈ ਮਜਬੂਰ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਮਾਸਕ ਧਰਮ ਵਿਚ ਹੋਣ ਜਾਂ ਨਾ ਹੋਣ ਬਾਰੇ ਪਤਾ ਕੀਤਾ ਜਾ ਸਕੇ। ਮਾਮਲੇ ਦੀ ਭਾਰੀ ਮੁਖਾਲਫ਼ਤ ਸ਼ੁਰੂ ਹੋਣ ਤੋਂ ਬਾਅਦ ਕਾਲਜ ਦੀ ਡੀਨ ਨੂੰ ਸਫ਼ਾਈ ਦੇਣ ਲਈ ਸਾਹਮਣੇ ਆਉਣਾ ਪਿਆ ਹੈ।  ਕਾਲਜ ਦੀ ਡੀਨ ਦਰਸ਼ਨਾ ਢੋਡਕੀਆ ਨੇ ਇਕ ਖ਼ਬਰ ਏਜੰਸੀ ਸਾਹਮਣੇ ਅਪਣਾ ਪੱਖ ਰਖਦਿਆਂ ਕਿਹਾ ਕਿ ਲੜਕੀਆਂ ਦੇ ਅੰਦਰੂਨੀ ਕੱਪੜੇ ਉਤਾਰਨ ਵਾਲਾ ਮਾਮਲਾ ਹੋਸਟਲ ਦਾ ਹੈ, ਜਿਸ ਨਾ ਕਾਲਜ ਜਾਂ ਯੂਨੀਵਰਸਿਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਹੋਸਟਲ ਵਿਚ ਜੋ ਕੁੱਝ ਵੀ ਵਾਪਰਿਆ ਹੈ, ਉਹ ਲੜਕੀਆਂ ਦੀ ਸਹਿਮਤੀ ਨਾਲ ਹੀ ਹੋਇਆ ਹੈ। ਇਸ ਦੌਰਾਨ ਨਾ ਕਿਸੇ 'ਤੇ ਕੋਈ ਦਬਾਅ ਪਾਇਆ ਗਿਆ ਹੈ ਅਤੇ ਨਾ ਹੀ ਕਿਸੇ ਨੂੰ ਛੂਹਿਆ ਗਿਆ ਹੈ। ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਗੁਜਰਾਤ ਪੁਲਿਸ ਨੇ ਕਾਲਜ ਦੀ ਪ੍ਰਿੰਸੀਪਲ ਅਤੇ ਮਹਿਲਾ ਵਾਰਡਨ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਦਾ ਨੋਟਿਸ ਲਿਆ। ਐਨਸੀਡਬਲਿਊ ਨੇ ਇਸ ਨੂੰ ਪ੍ਰੇਸ਼ਾਨ ਕਰਨ ਵਾਲੀ ਕਰਾਰ ਦਿੰਦਿਆਂ ਇਸ ਲਈ ਜਾਂਚ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਜੋ ਹੋਸਟਲ ਦਾ ਦੌਰਾ ਕਰੇਗੀ।

ਕਾਬਲੇਗੌਰ ਹੈ ਕਿ ਭੁਜ ਵਿਖੇ ਸਥਿਤ ਇਸ ਕਾਲਜ ਨੂੰ ਸਵਾਮੀ ਨਾਰਾਇਣ ਮੰਦਰ ਦੇ ਪੈਰੋਕਾਰਾਂ ਵਲੋਂ ਚਲਾਇਆ ਜਾ ਰਿਹਾ ਹੈ। ਕਾਲਜ ਦੀ ਸਥਾਪਨਾ 2012 ਵਿਚ ਹੋਈ ਸੀ ਜਦਕਿ 2014 'ਚ ਇਸ ਨੂੰ ਸ੍ਰੀ ਸਵਾਮੀ ਨਾਰਾਇਣ ਕੰਨਿਆ ਮੰਦਰ ਦੇ ਬਿਲਡਿੰਗ ਵਿਚ ਤਬਦੀਲ ਕਰ ਦਿਤਾ ਗਿਆ ਸੀ। ਕਾਲਜ ਵਿਚ ਬੀਕਾਮ, ਬੀਐਸਸੀ ਅਤੇ ਬੀਏ ਵਰਗੇ ਵੱਖ ਵੱਖ ਕੋਰਸਾਂ ਵਿਚ ਲਗਭਗ 1500 ਵਿਦਿਆਰਥੀ ਪੜ੍ਹਦੇ ਹਨ। ਕਾਲਜ ਕੈਂਪਸ ਅੰਦਰ ਬੋਰਡਿੰਗ ਦੀ ਸਹੂਲਤ ਮੌਜੂਦ ਹੈ। ਇੱਥੇ ਵੱਖ ਵੱਖ ਪਿੰਡਾਂ ਵਿਚਲੇ ਦੂਰ-ਦੂਰਾਂਡੇ ਇਲਾਕਿਆਂ ਤੋਂ ਆਉਣ ਵਾਲੀਆਂ 68 ਲੜਕੀਆਂ ਵੀ ਰਹਿੰਦੀਆਂ ਹਨ।

ਲੜਕੀਆਂ ਮੁਤਾਬਕ ਸਵਾਮੀ ਨਰਾਇਣ ਸੰਪਰਾਇ ਅੰਦਰ ਅਜਿਹੇ ਮਾਪਦੰਡ ਪ੍ਰਚੱਲਤ ਹਨ ਜਿਨ੍ਹਾਂ ਤਹਿਤ ਮਾਸਿਕ ਧਰਮ ਦੌਰਾਨ ਔਰਤਾਂ ਨੂੰ ਰਸੋਈ ਅਤੇ ਮੰਦਰ ਅੰਦਰ ਜਾਣ ਦੀ ਮਨਾਹੀ ਹੁੰਦੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਸਾਥੀ ਵਿਦਿਆਰਥੀਆਂ ਨਾਲ ਛੂੰਹਣ ਤਕ ਤੋਂ ਵੀ ਰੋਕ ਦਿਤਾ ਜਾਂਦਾ ਹੈ। ਖ਼ਬਰਾਂ ਮੁਤਾਬਕ ਬੀਤੇ ਦਿਨੀਂ ਹੋਸਟਲ ਪ੍ਰਬੰਧਕਾਂ ਨੇ ਪ੍ਰਿੰਸੀਪਲ ਰੀਤਾ ਰਾਣਿਗਾ ਕੋਲ ਸ਼ਿਕਾਇਤ ਕੀਤੀ ਸੀ। ਹੋਸਟਲ ਪ੍ਰਬੰਧਕਾਂ ਨੇ ਲੜਕੀਆਂ ਵਲੋਂ ਮਾਸਕ ਧਰਮ ਦੌਰਾਨ ਹੋਸਟਲ ਦੀ ਰਸੋਈ ਅਤੇ ਮੰਦਰ 'ਚ ਜਾਣ ਬਾਰੇ ਦਸਿਆ ਜਿਸ ਤੋਂ ਬਾਅਦ ਪ੍ਰਿੰਸੀਪਲ ਨੇ ਲੜਕੀਆਂ ਨੂੰ ਫਟਕਾਰ ਵੀ ਲਗਾਈ ਸੀ।

ਹੋਸਟਲ 'ਚ ਰਹਿੰਦੀ ਇਕ ਵਿਦਿਆਰਥਣ ਅਨੁਸਾਰ ਬੀਤੇ ਦਿਨੀਂ ਉਨ੍ਹਾਂ ਨੂੰ ਕਲਾਸਾਂ 'ਚੋਂ ਬਾਹਰ ਆ ਕੇ ਮੈਦਾਨ ਵਿਚ ਲਾਈਨ 'ਚ ਖੜ੍ਹੇ ਹੋਣ ਲਈ ਕਿਹਾ ਗਿਆ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਫਟਕਾਰ ਲਗਾਉਂਦਿਆਂ ਉਨ੍ਹਾਂ ਨੂੰ ਮਾਸਕ ਧਰਮ ਵਿਚ ਹੋਣ ਜਾਂ ਨਾ ਹੋਣ ਬਾਰੇ ਸਵਾਲ ਪੁਛੇ ਗਏ। ਇਸ ਦੌਰਾਨ ਦੋ ਲੜਕੀਆਂ ਜੋ ਮਾਸਕ ਧਰਮ ਵਿਚ ਸਨ, ਨੂੰ ਬਾਕੀਆਂ ਤੋਂ ਅਲੱਗ ਕਰ ਦਿਤਾ ਗਿਆ ਸੀ।