ਆਪ ਵਿਧਾਇਕਾਂ ਦੀ ਅਯੋਗਤਾ ਮਾਮਲਾ : ਸਪੀਕਰ ਨੇ ਸੁਖਪਾਲ ਖਹਿਰਾ ਨੂੰ ਦਿਤਾ 10 ਮਾਰਚ ਤਕ ਦਾ ਸਮਾਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਬਲਦੇਵ ਜੈਤੋਂ ਅਤੇ ਸੰਦੋਆ ਵੀ ਅਜੇ ਕੁੜਿੱਕੀ 'ਚ- ਮਾਨਸ਼ਾਹੀਆ ਦਾ ਅਸਤੀਫ਼ਾ ਨਾ ਮਨਜੂਰ ਕੀਤਾ

file photo

ਚੰਡੀਗੜ੍ਹ : ਮਾਰਚ 2017 ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦੇ ਇਕ ਸਾਲ ਦੇ ਅੰਦਰ-ਅੰਦਰ ਹੀ ਵਿਰੋਧੀ ਧਿਰ 'ਆਪ' ਵਿਚ ਗੁਟਬਾਜ਼ੀ ਸ਼ੁਰੂ ਹੋ ਗਈ ਸੀ। ਪਹਿਲਾਂ ਬਤੌਰ ਵਿਰੋਧੀ ਧਿਰ ਦੇ ਨੇਤਾ ਸ. ਹਰਵਿੰਦਰ ਸਿੰਘ ਫੂਲਕਾ, ਮਗਰੋਂ ਸੁਖਪਾਲ ਖਹਿਰਾ ਨੂੰ ਪਾਸੇ ਕਰ ਕੇ ਹਰਪਾਲ ਚੀਮਾ ਨੂੰ ਨੇਤਾ ਥਾਪੇ ਜਾਣ 'ਤੇ ਇਹ ਗੁਟਬਾਜ਼ੀ ਹੋਰ ਤੇਜ਼ ਹੋ ਗਈ ਜਿਸ ਦੇ ਫਲਸਰੂਪ 20 ਵਿਧਾਇਕਾਂ ਵਾਲੀ ਪਾਰਟੀ 5 ਧਿਰਾਂ ਵਿਚ ਵੰਡੀ ਗਈ ਸੀ।

ਪਿਛਲੇ ਡੇਢ ਕੁ ਸਾਲ ਤੋਂ ਇਸ ਪਾਰਟੀ ਦੇ ਵਿਧਾਇਕਾਂ ਨੇ ਤਾਂ ਨੈਤਿਕ ਕਦਰਾਂ ਕੀਮਤਾਂ ਦੀ ਇੰਨੀ ਖਿਲੀ ਉਡਾਈ ਅਤੇ ਪਵਿਤਰ ਸਦਨ ਦੀ ਵਿੰਗੇ ਟੇਡੇ ਢੰਗ ਨਾਲ ਤੌਹੀਨ ਕੀਤੀ ਕਿ ਦੂਜੀ ਵਿਰੋਧੀ ਧਿਰ ਅਕਾਲੀ ਭਾਜਪਾ ਨੇ ਸਪੀਕਰ ਨੂੰ 3 ਵਾਰ ਮੈਮੋਰੰਡਮ ਦੇ ਕੇ 4 ਵਿਧਾਇਕਾਂ, ਸੁਖਪਾਲ ਸਿੰਘ ਖਹਿਰਾ, ਬਲਦੇਵ ਜੈਤੋ, ਅਮਰਜੀਤ ਸੰਦੋਆ ਤੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਵਿਧਾਇਕ ਪਦ ਤੋਂ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ ਫਿਰ ਵਿਧਾਨ ਸਭਾ ਵਿਚ ਅਕਾਲੀ ਨੇਤਾ ਸ਼ਰਨਜੀਤ ਢਿੱਲੋਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਲਿਖਤੀ ਮੰਗ ਕੀਤੀ ਸੀ ਕਿ ਇਨ੍ਹਾਂ ਚਹੁੰਆਂ ਆਪ ਵਿਧਾਇਕਾਂ ਨੂੰ ਡਿਸਕੁਆਲੀਫ਼ਾਈ ਕੀਤਾ ਜਾਵੇ।

ਸੁਖਪਾਲ ਖਹਿਰਾ ਤੇ ਬਲਦੇਵ ਜੈਤੋਂ ਨੇ 'ਆਪ' ਵਿਚ ਰਹਿੰਦਿਆਂ ਵਖਰੀ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਈ, ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਸੀਟਾਂ ਤੋਂ ਅਪ੍ਰੈਲ 2019 ਵਿਚ ਚੋਣ ਲੜੀ, ਹਾਰ ਗਏ, ਪਰ ਅਜੇ ਵੀ 'ਆਪ' ਦੇ ਵਿਧਾਇਕਾਂ ਦੇ ਤੌਰ 'ਤੇ ਤਨਖ਼ਾਹ, ਭੱਤੇ ਅਤੇ ਹੋਰ ਸਹੂਲਤਾਂ ਰਾਹੀਂ ਕਰੋੜਾਂ ਦਾ ਆਨੰਦ ਮਾਣ ਰਹੇ ਹਨ। ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਤੇ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਪਿਛਲੇ ਸਾਲ ਅਪ੍ਰੈਲ ਵਿਚ ਮੁੱਖ ਮੰਤਰੀ ਤੇ ਸਪੀਕਰ ਦੀ ਹਾਜ਼ਰੀ ਵਿਚ ਸੱਤਾਧਾਰੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਅਜੇ ਵੀ ਉਹ ਆਪ ਵਿਚ ਹੀ ਹਨ।

ਦਿਲਚਸਪ, ਗ਼ੈਰ ਕਾਨੂੰਨੀ ਤੇ ਅਨੈਤਿਕਤਾ ਵਾਲੀ ਗਲ ਇਹ ਵੀ ਹੈ ਕਿ ਖਹਿਰਾ ਵਿਰੁਧ ਪਟੀਸ਼ਨ, ਮੌਜੂਦਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਭੁੱਲਥ ਤੋਂ ਇਕ ਐਡਵੋਕੇਟ ਨੇ ਸਪੀਕਰ ਕੋਲ ਪਾਈ ਹੋਈ ਹੈ ਅਤੇ ਸੱਤਾਧਾਰੀ ਕਾਂਗਰਸ ਸਰਕਾਰ ਇਸ ਮਾਮਲੇ ਨੂੰ ਅੱਗੇ ਤੋਂ ਅੱਗੇ ਲਟਕਾਈ ਜਾ ਰਹੀ ਹੈ। ਹੁਣ ਖਹਿਰਾ ਨੂੰ 10 ਮਾਰਚ ਤਕ ਦਾ ਸਮਾਂ ਸਪੀਕਰ ਨੇ ਦਿਤਾ ਹੈ ਅਤੇ ਲਗਦਾ ਹੈ ਪਹਿਲਾਂ 4 ਵਾਰ ਤਰੀਕਾਂ, 31 ਦਸੰਬਰ, 22 ਅਕਤੂਬਰ, 31 ਅਗੱਸਤ ਤੇ ਜੂਨ 2019 ਵਿਚ ਵੀ ਸਮਾਂ ਦੇਣ ਦੇ ਬਾਵਜੂਦ ਇਸ ਵਿਧਾਇਕ ਨੇ ਐਤਕੀਂ ਵੀ ਬਹਾਨੇ ਘੜਨੇ ਹਨ।

ਬਲਦੇਵ ਜੈਤੋਂ ਵਿਰੁਧ ਪਟੀਸ਼ਨ ਤੇ ਸ਼ਿਕਾਇਤ ਜਲੰਧਰ ਤੋਂ ਇਕ ਐਡਵੋਕੇਟ ਨੇ ਦਿਤੀ ਹੋਈ ਹੈ ਅਤੇ ਬਲਦੇਵ ਨੇ 31 ਦਸੰਬਰ ਦੀ ਤਰੀਕ ਉਪਰੰਤ ਇਕ ਫ਼ਰਜ਼ੀ ਚਿੱਠੀ ਭੇਜ ਕੇ ਕਿਹਾ ਸੀ ਕਿ ਸ਼ਿਕਾਇਤ ਕਰਤਾ ਨੇ ਪਟੀਸ਼ਨ ਵਾਪਸ ਲੈ ਲਈ ਹੈ। ਸਕੱਤਰ ਨੂੰ ਅਸਲ ਸ਼ਿਕਾਇਤਕਰਤਾ ਨੇ ਨਿਜੀ ਤੌਰ 'ਤੇ ਪੇਸ਼ ਹੋ ਕੇ ਦਸਿਆ ਕਿ ਉਨ੍ਹਾਂ ਪਟੀਸ਼ਨ ਵਾਪਸ ਨਹੀਂ ਲਈ। ਹੁਣ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਕੱਤਰ ਵਿਧਾਨ ਸਭਾ ਤੋਂ ਇਸ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ।