ਸੌਦਾ ਸਾਧ ਖਿਲਾਫ਼ ਕੇਸ ਸੁਖਬੀਰ ਬਾਦਲ ਨੇ ਰੱਦ ਕਰਵਾਇਆ- ਸੁਖਪਾਲ ਖਹਿਰਾ

ਏਜੰਸੀ

ਖ਼ਬਰਾਂ, ਪੰਜਾਬ

ਖਹਿਰਾ ਨੇ ਕਿਹਾ ਕਿ ਐਸਆਈਟੀ ਦੁਆਰਾ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਬਤ ਹੁੰਦੀ ਹੈ

sukhpal khaira

ਚੰਡੀਗੜ੍ਹ- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਖ਼ਿਲਾਫ਼ ਕੇਸ ਨੂੰ ਰਫਾ ਦਫ਼ਾ ਕਰਨ ਪਿੱਛੇ ਸੁਖਬੀਰ ਬਾਦਲ ਦਾ ਹੱਥ ਹੈ। ਐਸਆਈਟੀ ਦੁਆਰਾ ਪੇਸ਼ ਕੀਤੇ ਗਏ ਚਲਾਨ ਤੋਂ ਇਹ ਗੱਲ ਸਾਬਤ ਹੁੰਦੀ ਹੈ। ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਅੱਜ ਸੀਬੀਆਈ ਦੀ ਕਲੋਜ਼ਰ ਰਿਪੋਰਟ 'ਤੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਪਰ ਉਹਨਾਂ ਨੇ ਹੀ 2012 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦੇ ਖਿਲਾਫ਼ ਬੇਅਦਬੀ ਦੇ ਕੇਸ ਨੂੰ ਖ਼ਤਮ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਐਸਆਈਟੀ ਦੇ ਚਲਾਨ ਮੁਤਾਬਕ 2012 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪੰਜ ਦਿਨ ਪਹਿਲਾਂ  ਸੁਖਬੀਰ ਨੇ ਡੇਰਾ ਮੁਖੀ ਦੇ ਖ਼ਿਲਾਫ਼ ਬਠਿੰਡਾ ਕੋਤਵਾਲੀ ਵਿਚ ਦਰਜ ਕੇਸ ਰੱਦ ਕਰਵਾਇਆ ਸੀ। ਇਹ ਕੇਸ ਡੇਰਾ ਮੁਖੀ ਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਕੱਪੜੇ ਪਹਿਣਨ ਨੂੰ ਲੈ ਕੇ ਦਰਜ ਕੀਤਾ ਗਿਆ ਸੀ।

ਰਿਪੋਰਟ ਦੇ ਮੁਤਾਬਕ ਇੰਟੈਲੀਜੈਂਸ ਚੀਫ਼ ਦੀ ਬਦਲੀ ਕਰ ਕੇ ਉਹਨਾਂ ਦੀ ਜਗ੍ਹਾਂ 'ਤੇ ਇਕ ਜੂਨੀਅਰ ਅਫ਼ਸਰ ਆਰਕੇ ਜੈਸਵਾਲ ਦੀ ਤੈਨਾਤੀ ਦੇ ਪਿੱਛੇ ਵੀ ਸੁਖਬੀਰ ਬਾਦਲ, ਡੀਜੀਪੀ ਸੁਮੇਧ ਸੈਨੀ ਅਤੇ ਡੇਰਾ ਦੇ ਲੋਕਾਂ ਦਾ ਹੱਥ ਹੈ।

ਸਾਬਕਾ ਐਸਪੀ ਤਰਲੋਚਨ ਸਿੰਘ ਨੇ ਐਸਆਈਟੀ ਨੂੰ ਦੱਸਿਆ ਕਿ ਡੇਰਾ ਮੁਖੀ ਦਾ ਮਾਫ਼ੀਨਾਮਾ ਉਸ ਨੇ ਡ੍ਰਾਫਟ ਕੀਤਾ ਸੀ। ਜਿਸ 'ਤੇ ਉਹਨਾਂ ਦੇ ਦਸਤਖ਼ਤ ਲੈ ਕੇ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਉਸ ਨੂੰ ਮਨਾਉਣ ਤੋਂ ਇਨਕਾਰ ਕਰ ਦਿੱਤਾ ਸੀ।