ਗੋਹੇ ਤੋਂ ਪੇਂਟ ਬਣਾਉਣ ਲਈ ਖੁਲ੍ਹਣਗੀਆਂ ਫੈਕਟਰੀਆਂ, ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ ਨਵੀਂ ਤਕਨੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਤਾਵਰਨ ਪ੍ਰਦੂਸ਼ਣ ਨਾਲ ਨਿਪਟਣ ਤੋਂ ਇਲਾਵਾ ਕਿਸਾਨਾਂ ਨੂੰ ਮਿਲੇਗਾ ਮਾਇਕੀ ਲਾਭ

cows

ਨਵੀਂ ਦਿੱਲੀ : ਦੇਸ਼ ਅੰਦਰ ਗਊ-ਮੱਝ ਦੇ ਗੋਹੇ ਨੂੰ ਵਰਮੀ ਕੰਪੋਸਟ ਜਾਂ ਖਾਦ ਬਣਾ ਕੇ ਖੇਤਾਂ ਵਿਚ ਵਰਤਿਆ ਜਾਂਦਾ ਹੈ, ਜਾਂ ਕੁੱਝ ਅਗਾਹਵਧੂ ਕਿਸਾਨ ਗੋਬਰ ਗੈਸ ਪਲਾਂਟ ਵਿਚ ਵੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਥਾਪੀਆਂ ਬਣਾਉਣ ਲਈ ਵੀ ਹੁੰਦੀ ਹੈ, ਜਿਸ ਨੂੰ ਪੇਂਡੂ ਖੇਤਰਾਂ ਵਿਚ ਬਾਲਣ ਵਜੋਂ ਵਰਤਿਆਂ ਜਾਂਦਾ ਹੈ। ਪਰ ਗੋਬਰ ਦੀ ਛੇਤੀ ਹੀ ਵਪਾਰਕ ਪੱਧਰ 'ਤੇ ਵਰਤੋਂ ਹੋਣ ਲੱਗੇਗੀ, ਭਾਵੇਂ ਇਹ ਗੱਲ ਅਟਪਟੀ ਲੱਗਦੀ ਹੈ, ਪਰ ਨਵੀਂ ਤਕਨੀਕ ਨਾਲ ਇਹ ਸੰਭਵ ਹੋਣ ਜਾ ਰਿਹਾ ਹੈ।

ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਾਝੀ ਕੀਤੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਯੋਜਨਾ ਮੁਤਾਬਕ ਪਿੰਡਾਂ ਵਿਚ ਗੋਬਰ ਤੋਂ ਪੇਂਟ ਬਣਾਉਣ ਲਈ ਫ਼ੈਕਟਰੀਆਂ ਲਾਈਆਂ ਜਾਣਗੀਆਂ। ਇਸ ਪੇਂਟ ਦਾ ਨਾਮ ‘ਗੋਬਰ ਪੇਂਟ’ ਰੱਖਿਆ ਗਿਆ ਹੈ। ਐੱਮਐੱਸਐੱਮਈ ਮੰਤਰੀ ਨਿਤਿਨ ਗਡਕਰੀ ਮੁਤਾਬਕ ਇਕ ਫ਼ੈਕਟਰੀ ਖੋਲ੍ਹਣ ’ਤੇ 15 ਲੱਖ ਰੁਪਏ ਖ਼ਰਚਾ ਆਵੇਗਾ। ਇੰਝ ਹਰੇਕ ਪਿੰਡ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਮੰਤਰੀ ਵਲੋਂ ਜਾਰੀ ਜਾਣਕਾਰੀ ਮੁਤਾਬਕ ਗੋਬਰ ਤੋਂ ਬਣਿਆ ਅਨੋਖਾ ਪੇਂਟ ਲਾਂਚ ਹੋਣ ਤੋਂ ਬਾਅਦ ਇਸ ਦੀ ਮੰਗ ਕਾਫ਼ੀ ਤੇਜ਼ੀ ਨਾਲ ਵਧੀ ਹੈ। ਹਾਲ ਦੀ ਘੜੀ ਇਸ ਸਬੰਧੀ ਟ੍ਰੇਨਿੰਗ ਦਾ ਇੰਤਜਾਮ ਜੈਪੁਰ ਵਿਚ ਹੈ ਅਤੇ ਇਸ ਵੇਲੇ ਸਾਢੇ ਤਿੰਨ ਸੌ ਲੋਕ ਵੇਟਿੰਗ ਲਿਸਟ ਵਿਚ ਹਨ। ਇਹ ਟ੍ਰੇਨਿੰਗ ਪੰਜ ਤੋਂ ਸੱਤ ਦਿਨਾਂ ਦੀ ਹੁੰਦੀ ਹੈ।
ਨਿਤਿਨ ਗਡਕਰੀ ਨੇ ਬੀਤੀ 12 ਜਨਵਰੀ ਨੂੰ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਵੱਲੋਂ ਤਿਆਰ ਗੋਬਰ ਪੇਂਟ ਲਾਂਚ ਕੀਤਾ ਸੀ। ਇਹ ਪੇਂਟ ਪ੍ਰਦੂਸ਼ਣ ਮੁਕਤ ਹੋਵੇਗਾ; ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਜ਼ਹਿਰੀਲਾ ਪਦਾਰਥ ਨਹੀਂ ਹੋਵੇਗਾ। ਇਸ ਨੂੰ ਫਫੂੰਦ ਨਹੀਂ ਲੱਗੇਗੀ ਤੇ ਰੋਗਾਣੂਆਂ/ਕੀਟਾਣੂਆਂ ਨੂੰ ਦੂਰ ਰੱਖੇਗਾ। ਇਸ ਦੀ ਕੋਈ ਬੋਅ ਵੀ ਨਹੀਂ ਹੋਵੇਗਾ।

ਫ਼ਿਲਹਾਲ ਇਹ ਡਿਸਟੈਂਪਰ ਤੇ ਪਲਾਸਟਿਕ ਇਮੱਲਸ਼ਨ ਪੇਂਟ ਵਜੋਂ ਉਪਲਬਧ ਹੋਵੇਗਾ। ਇਹ ਪੇਂਟ ਸਿੱਕਾ (ਲੈੱਡ), ਪਾਰਾ, ਕ੍ਰੋਮੀਅਮ, ਆਰਸੈਨਿਕ, ਕੈਡਮੀਅਮ ਜਿਹੀਆਂ ਭਾਰੂ ਧਾਤਾਂ ਤੋਂ ਵੀ ਮੁਕਤ ਹੋਵੇਗਾ। ਇਹ ਪੇਂਟ ਵੱਡੇ ਪੱਧਰ ਉੱਤੇ ਬਣਨਾ ਸ਼ੁਰੂ ਹੋਣ ਬਾਅਦ ਇਸ ਦਾ ਕਿਸਾਨਾਂ ਨੂੰ ਵੱਡਾ ਮਾਇਕੀ ਲਾਭ ਮਿਲ ਸਕਦਾ ਹੈ। 
ਕਾਬਲੇਗੌਰ ਹੈ ਕਿ ਦੇਸ਼ ਅੰਦਰ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਵੱਡੀ ਪੱਧਰ 'ਤੇ ਅਪਨਾਇਆ ਜਾਂਦਾ ਹੈ। ਪਸ਼ੂਆਂ ਦੀ ਸਾਭ-ਸੰਭਾਲ ਅਤੇ ਵਰਤੇ ਜਾਂਦੇ ਖਾਧ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੇ ਹਿਸਾਬ ਨਾਲ ਦੁੱਧ ਦੀਆਂ ਕੀਮਤਾਂ ਨਹੀਂ ਵੱਧ ਰਹੀਆਂ।

ਪਸ਼ੂ ਪਾਲਕਾਂ ਨੂੰ ਅਕਸਰ ਇਸ ਦਾ ਗਿਲਾ ਰਹਿੰਦਾ ਹੈ। ਦੂਜੇ ਪਾਸੇ ਭਾਵੇਂ ਗੋਹੇ ਦੀ ਖਾਦ ਵਜੋਂ ਖੇਤਾਂ ਵਿਚ ਵਰਤੋਂ ਹੁੰਦੀ ਹੈ, ਪਰ ਇਸ ਦੇ ਰੱਖ-ਰਖਾਵ ਨੂੰ ਲੈ ਕੇ ਜ਼ਿਆਦਾਤਰ ਲੋਕ ਅਵੇਸਲੇ ਹੀ ਰਹਿੰਦੇ ਹਨ ਅਤੇ ਇਸ ਲਈ ਥਾਂ ਦੀ ਕਿੱਲਤ ਸਮੇਤ ਪ੍ਰਦੂਸ਼ਣ ਦੀ ਸਮੱਸਿਆ ਵੀ ਪੇਸ਼ ਆਉਂਦੀ ਹੈ। ਕਈ ਸ਼ਹਿਰੀ ਖੇਤਰਾਂ ਵਿਚਲੇ ਪਸ਼ੂ ਪਾਲਕ ਗੋਹੇ ਨੂੰ ਪਾਣੀ ਨਾਲ ਨਾਲੀਆਂ ਵਿਚ ਵੀ ਵਹਾ ਦਿੰਦੇ ਹਨ। ਗੋਹੇ ਦਾ ਢੁਕਵਾਂ ਨਿਪਟਾਰਾ ਹੋਣ ਬਾਅਦ ਕਈ ਤਰ੍ਹਾਂ ਦੀਆਂ ਔਕੜਾਂ ਦਾ ਹੱਲ ਨਿਕਲਣ ਦੀ ਆਸ ਹੈ।