ਪੁਲਵਾਮਾ ਹਮਲੇ ਦੀ ਦੂਜੀ ਬਰਸੀ: ਬਲਿਦਾਨ ਦੇਣ ਵਾਲੇ ਜਵਾਨਾਂ ਨੂੰ ਸਿਆਸੀ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
ਰਾਜਨਾਥ ਸਿੰਘ, ਅਮਿਤ ਸ਼ਾਹ, ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਕੀਤਾ ਯਾਦ
ਨਵੀਂ ਦਿੱਲੀ: 14 ਫਰਵਰੀ 2019 ਨੂੰ ਅੱਤਵਾਦੀਆਂ ਵੱਲੋਂ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿਚ ਸੁਰੱਖਿਆ ਬਲਾਂ 'ਤੇ ਸਭ ਤੋਂ ਵੱਡਾ ਆਤਮਘਾਤੀ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਸੀਆਰਪੀਐਫ ਦੇ 40 ਤੋਂ ਵੱਧ ਜਵਾਨ ਮਾਰੇ ਗਏ ਸਨ। ਅੱਜ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਹੈ। ਇਸ ਦੌਰਾਨ ਪੂਰਾ ਦੇਸ਼ ਬਲਿਦਾਨ ਦੇਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਟਵੀਟ ਜ਼ਰੀਏ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਰੱਖਿਆ ਮੰਤਰੀ ਨੇ ਟਵੀਟ ਵਿਚ ਲਿਖਿਆ, ‘ਭਾਰਤ ਦੇਸ਼ ਲਈ ਉਹਨਾਂ ਦੀ ਸੇਵਾ ਅਤੇ ਸਰਵਉੱਚ ਬਲਿਦਾਨ ਨੂੰ ਕਦੀ ਨਹੀਂ ਭੁੱਲੇਗਾ’।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ 40 ਸੀਆਰਪੀਐਫ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਮਨ। ਦੇਸ਼ ਤੁਹਾਡਾ ਰਿਣੀ ਹੈ’।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹਨਾਂ ਨੇ ਟਵੀਟ ਕਰਦਿਆਂ ਲਿਖਿਆ, ‘2019 ਵਿਚ ਹੋਏ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ। ਭਾਰਤ ਉਹਨਾਂ ਦੇ ਹੌਂਸਲੇ ਅਤੇ ਸਰਵਉਚ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ’।
ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਟਵੀਟ ਕੀਤਾ। ਉਹਨਾਂ ਲਿਖਿਆ, ‘ਮੈਂ ਉਹਨਾਂ 40 ਸੂਰਬੀਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ, ਜਿਨ੍ਹਾਂ ਨੇ 2 ਸਾਲ ਪਹਿਲਾਂ ਸਾਡੇ ਦੇਸ਼ ਲਈ ਪੁਲਵਾਮਾ ਵਿਖੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਹਨਾਂ ਸੂਰਮਿਆਂ ਸ਼ਹੀਦਾਂ ਦੇ ਪਰਿਵਾਰਾਂ ਦੀ ਬਿਹਤਰੀ ਤੇ ਸੁੱਖ-ਸ਼ਾਂਤੀ ਲਈ ਮੈਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੀ ਹਾਂ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਲਈ ਟਵੀਟ ਕੀਤਾ। ਉਹਨਾਂ ਲਿਖਿਆ, ‘ਦੋ ਸਾਲ ਪਹਿਲਾਂ ਪੁਲਵਾਮਾ ਵਿਖੇ ਅਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸਾਡੇ 40 ਦਲੇਰ ਸਿਪਾਹੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਪਰਮਾਤਮਾ ਉਹਨਾਂ ਨੇਕ ਰੂਹਾਂ ਨੂੰ ਅਪਣੇ ਚਰਨੀਂ ਲਾਵੇ’।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ। ਉਹਨਾਂ ਲਿਖਿਆ, ‘ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਦੇਸ਼ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਨਮਨ। ਅਸੀਂ ਸਾਰੇ ਦੇਸ਼ਵਾਸੀ ਉਹਨਾਂ ਦੀ ਹਿੰਮਤ ਅਤੇ ਕੁਰਬਾਨੀ ਦੇ ਹਮੇਸ਼ਾਂ ਰਿਣੀ ਰਹਾਂਗੇ’।