ਅਲ-ਕਾਇਦਾ ਦੇ ਚਾਰ ਅੱਤਵਾਦੀਆਂ ਨੂੰ ਦਿੱਲੀ ਦੀ ਅਦਾਲਤ ਨੇ ਸੁਣਾਈ ਸੱਤ ਸਾਲ ਦੀ ਸਜ਼ਾ
ਦੋਸ਼ੀ 7 ਸਾਲ ਤੇ ਤਿੰਨ ਮਹੀਨੇ ਦੀ ਜੇਲ੍ਹ ਪਹਿਲਾਂ ਹੀ ਕੱਟ ਚੁੱਕੇ ਹਨ, ਅਤੇ ਇਹ ਮਿਆਦ ਸਜ਼ਾ ਦਾ ਹਿੱਸਾ ਮੰਨੀ ਜਾਵੇਗੀ
ਨਵੀਂ ਦਿੱਲੀ - ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਅੱਤਵਾਦੀ ਸੰਗਠਨ ਅਲ-ਕਾਇਦਾ ਦੀ ਸ਼ਾਖਾ ਅਲ-ਕਾਇਦਾ ਇਨ ਇੰਡੀਅਨ ਸਬਕੌਂਟੀਨੈਂਟ (ਏ.ਕਿਊ.ਆਈ.ਐਸ.) ਦੇ ਚਾਰ ਮੈਂਬਰਾਂ ਨੂੰ ਦੇਸ਼ ਭਰ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣ ਅਤੇ ਸੰਗਠਨ 'ਚ ਮੈਂਬਰ ਭਰਤੀ ਕਰਨ ਦੇ ਮਾਮਲੇ 'ਚ ਸੱਤ ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ।
ਉਨ੍ਹਾਂ ਦੇ ਵਕੀਲ ਅਕਰਮ ਖ਼ਾਨ ਨੇ ਦੱਸਿਆ ਕਿ ਵਿਸ਼ੇਸ਼ ਜੱਜ ਸੰਜੇ ਖੰਗਵਾਲ ਨੇ ਮੌਲਾਨਾ ਮੁਹੰਮਦ ਅਬਦੁਲ ਰਹਿਮਾਨ ਕਾਸਮੀ, ਮੁਹੰਮਦ ਆਸਿਫ਼, ਜ਼ਫ਼ਰ ਮਸੂਦ ਅਤੇ ਅਬਦੁਲ ਸਾਮੀ ਨੂੰ ਸੱਤ ਸਾਲ ਪੰਜ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।
ਵਕੀਲ ਨੇ ਕਿਹਾ ਕਿ ਦੋਸ਼ੀ ਪਹਿਲਾਂ ਹੀ ਕਰੀਬ 7 ਸਾਲ ਅਤੇ ਤਿੰਨ ਮਹੀਨੇ ਦੀ ਜੇਲ੍ਹ ਕੱਟ ਚੁੱਕੇ ਹਨ, ਅਤੇ ਇਸ ਮਿਆਦ ਨੂੰ ਸਜ਼ਾ ਦਾ ਹਿੱਸਾ ਮੰਨਿਆ ਜਾਵੇਗਾ।
ਇਸਤਗਾਸਾ ਪੱਖ ਵੱਲੋਂ ਸਾਬਤ ਕੀਤੇ ਗਏ ਅਪਰਾਧਾਂ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੁੰਦੀ ਹੈ। ਇਸ ਤੋਂ ਪਹਿਲਾਂ, ਜੱਜ ਨੇ ਸ਼ੁੱਕਰਵਾਰ ਨੂੰ ਏ.ਕਿਊ.ਆਈ.ਐਸ. ਦੇ ਦੋ ਹੋਰ ਕਥਿਤ ਮੈਂਬਰਾਂ, ਸਈਦ ਮੁਹੰਮਦ ਜ਼ੀਸ਼ਾਨ ਅਲੀ ਅਤੇ ਸਬੀਲ ਅਹਿਮਦ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋਸ਼ ਲਗਾਇਆ ਸੀ ਕਿ ਕਾਸਮੀ ਉੱਤਰ ਪ੍ਰਦੇਸ਼ ਵਿੱਚ ਇੱਕ ਮਦਰੱਸਾ ਚਲਾਉਂਦਾ ਸੀ, ਜਿੱਥੇ ਬਹੁਤ ਸਾਰੇ ਵਿਦਿਆਰਥੀ ਦਾਖਲ ਸਨ ਅਤੇ ਉਹ ਉਨ੍ਹਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰਦਾ ਸੀ।
ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਸੂਦ ਨੌਜਵਾਨਾਂ ਵਿੱਚ ਏ.ਕਿਊ.ਆਈ.ਐਸ. ਦੇ ਦਹਿਸ਼ਤੀ ਏਜੰਡੇ ਦਾ ਪ੍ਰਚਾਰ ਕਰ ਰਿਹਾ ਸੀ, ਅਤੇ ਉਨ੍ਹਾਂ ਨੂੰ ਦਹਿਸ਼ਤੀ ਜਥੇਬੰਦੀ ਵਿੱਚ ਸ਼ਾਮਲ ਹੋਣ ਲਈ ਆਕਰਸ਼ਿਤ ਕਰਦਾ ਸੀ।