ਭਾਜਪਾ ਦੀ ਸੀਟ ’ਤੇ ਚੋਣ ਲੜ ਸਕਦੇ ਨੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਝ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ

Ex cricketer Gautam Gambhir

ਨਵੀਂ ਦਿੱਲੀ- ਪਿਛਲੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ ਦੀਆਂ ਸਾਰੀਆਂ ਸੀਟਾਂ ਉਤੇ ਜਿੱਤਣ ਵਾਲੀ ਭਾਜਪਾ ਇਸ ਵਾਰ ਵੱਡੇ ਬਦਲਾਅ ਕਰ ਸਕਦੀ ਹੈ। ਕੁਝ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟੀਆਂ ਜਾ ਸਕਦੀਆਂ ਹਨ ਤੇ ਕੁਝ ਦੇ ਚੋਣ ਖੇਤਰ ਬਦਲ ਸਕਦੇ ਹਨ। ਪਾਰਟੀ ਦੇ ਸੰਕੇਤਾਂ ਦੀ ਮੰਨੀ ਜਾਵੇ ਤਾਂ ਦੋ ਤੋਂ ਤਿੰਨ ਨਵੇਂ ਚੇਹਰਿਆਂ ਨੂੰ ਟਿਕਟ ਦੇਣ ਦੀ ਤਿਆਰੀ ਹੈ। ਇਨ੍ਹਾਂ ਵਿਚ ਇਕ ਨਾਮ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਾ ਵੀ ਹੈ।

ਦਿੱਲੀ ਦੀ ਰਾਜਨੀਤੀ ਹਰ ਚੋਣ ਵਿਚ ਅਲੱਗ ਤਰ੍ਹਾਂ ਦੇ ਨਤੀਜੇ ਦਿੰਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਭਾਜਪਾ ਨੇ ਸਾਰੀਆਂ 7 ਸੀਟਾਂ ਉਤੇ ਕਬਜ਼ਾ ਕੀਤਾ ਸੀ, ਉਥੇ ਉਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ 70 ਵਿਚੋਂ ਸਿਰਫ ਤਿੰਨ ਸੀਟਾਂ ਹੀ ਮਿਲੀਆਂ ਸਨ। ਕਾਂਗਰਸ ਦਾ ਤਾਂ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਚੋਣਾਂ ਵਿਚ ਫਿਰ ਤੋਂ ਭਾਜਪਾ ਨੇ ਬਾਜੀ ਮਾਰੀ ਸੀ।

ਦਰਅਸਲ, ਭਾਜਪਾ ਨੇ ਨਗਰ ਨਿਗਮ ਚੋਣਾਂ ਵਿਚ ਮੌਜੂਦਾ ਜ਼ਿਆਦਾਤਰ ਪ੍ਰੀਸ਼ਦਾਂ ਨੂੰ ਬਦਲ ਦਿੱਤਾ ਸੀ, ਜਿਸਦਾ ਉਸ ਨੂੰ ਲਾਭ ਮਿਲਿਆ ਸੀ। ਹੁਣ ਲੋਕ ਸਭਾ ਚੋਣਾਂ ਲਈ ਭਾਜਪਾ ਆਗੂ ਨਵੀਂ ਰਣਨੀਤੀ ਬਣਾ ਰਹੇ ਹਨ, ਜਿਸ ਵਿਚ ਕੁਝ ਸੀਟਾਂ ਉਤੇ ਨਵੇਂ ਚੇਹਰੇ ਲਿਆਉਣ ਦੀ ਤਿਆਰੀ ਹੈ। ਉਤਰ ਪੂਰਵੀ ਦਿੱਲੀ ਤੋਂ ਸੰਸਦ ਤੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਦੇ ਫਿਰ ਤੋਂ ਉਸੇ ਸੀਟ ਤੋਂ ਉਮੀਦਵਾਰ ਬਣਨ ਦੀ ਸੰਭਾਵਨਾ ਹੈ, ਜਦੋਂ ਕਿ ਪੂਰਵੀ ਦਿੱਲੀ ਤੋਂ ਸੰਸਦ ਮਹੇਸ਼ ਗਿਰੀ ਦੀ ਸੀਟ ਇਸ ਵਾਰ ਖ਼ਤਰੇ ਵਿਚ ਮੰਨੀ ਜਾ ਰਹੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਖੇਤਰ ਦੀ ਕ੍ਰਿਸ਼ਨਾ ਨਗਰ ਸੀਟ ਤੋਂ ਕਈ ਵਾਰ ਵਿਧਾਇਕ ਰਹੇ ਡਾ. ਹਰਸ਼ ਵਰਧਨ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। ਦੱਖਣੀ ਦਿੱਲੀ ਵਿਚ ਮੌਜੂਦਾ ਸੰਸਦ ਰਮੇਸ਼ ਬਿਧੂੜੀ ਦਾ ਪਾਲੜਾ ਭਾਰੀ ਹੈ, ਜਦੋਂ ਕਿ ਪੱਛਮੀ ਦਿੱਲੀ ਵਿਚ ਪ੍ਰਵੇਸ਼ ਵਰਮਾ ਫਿਰ ਤੋਂ ਟਿਕਟ ਦੀ ਤਿਆਰੀ ਵਿਚ ਹਨ। ਹਾਲਾਂਕਿ ਇਸ ਸੀਟ ਉਤੇ ਪਾਰਟੀ ਬਦਲਾਅ ਉਤੇ ਵੀ ਵਿਚਾਰ ਕਰ ਰਹੀ ਹੈ।

ਸੂਤਰਾਂ ਅਨੁਸਾਰ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਨਵੀਂ ਦਿੱਲੀ ਸੀਟ ਤੋਂ ਮੌਜੂਦਾ ਸੰਸਦ ਮੀਨਾਕਸ਼ੀ ਲੇਖੀ ਨਾਲ ਚਰਚਾ ਵਿਚ ਸਾਬਕਾ ਟੈਸਟ ਕ੍ਰਿਕਟਰ ਗੌਤਮ ਗੰਭੀਰ ਦਾ ਨਾਮ ਵੀ ਹੈ।  ਇਥੇ ਦਿੱਲੀ ਪ੍ਰਦੇਸ਼ ਦੇ ਕੁਝ ਅਧਿਕਾਰੀ ਵੀ ਦਾਅਵਾ ਪੇਸ਼ ਕਰ ਰਹੇ ਹਨ। ਚਾਂਦਨੀ ਚੌਕ ਤੋਂ ਸੰਸਦ ਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੀ ਵੀ ਸੀਟ ਬਦਲੇ ਜਾਣ ਦੀ ਚਰਚਾ ਹੈ। ਹਰਸ਼ ਵਰਧਨ ਨੂੰ ਨਵੀਂ ਜ਼ਿੰਮੇਵਾਰੀ ਦੇਣ ਦੇ ਨਾਲ ਪੂਰਵੀ ਦਿੱਲੀ ਸੀਟ ਦਿੱਤੇ ਜਾਣ ਦੀ ਚਰਚਾ ਹੈ।

ਅਜਿਹੇ ਵਿਚ ਚਾਂਦਨੀ ਚੌਕ ਤੋਂ ਰਾਜ ਸਭਾ ਮ਼ੈਬਰ ਤੇ ਮੰਤਰੀ ਵਿਜੇ ਗੋਇਲ ਦਾ ਨਾਮ ਵੀ ਚਰਚਾ ਵਿਚ ਹੈ। ਪਾਰਟੀ ਇਥੋਂ ਕਿਸੇ ਨਵੇਂ ਚੇਹਰੇ ਨੂੰ ਵੀ ਲਿਆ ਸਕਦੀ ਹੈ। ਦਿੱਲੀ ਦੀ ਇਕੋ ਇਕ ਸੁਰੱਖਿਅਤ ਸੀਟ ਉਤਰ ਪੱਛਮੀ ਦਿੱਲੀ ਵਿਚ ਸੰਸਦ ਉਦਿਤ ਰਾਜ ਦੇ ਨਾਲ ਹੋਰ ਵੀ ਨਾਮਾਂ ਦੀ ਚਰਚਾ ਹੈ। ਉਦਿਤ ਰਾਜ ਆਪਣੇ ਬਿਆਨਾਂ ਕਰਕੇ ਕਾਫ਼ੀ ਚਰਚਾ ਵਿਚ ਵੀ ਰਹੇ ਹਨ। ਭਾਜਪਾ ਦੇ ਉਪ ਪ੍ਰਧਾਨ ਦੁਸ਼ਯੰਤ ਗੌਤਮ ਤੇ ਅਨੀਤਾ ਆਰੀਆ ਦਾ ਨਾਮ ਵੀ ਇਸ ਸੀਟ ਉਤੇ ਚਲ ਰਿਹਾ ਹੈ।