ਜਾਣੋ, ਅੰਮ੍ਰਿਤਸਰ ਲੋਕ ਸਭਾ ਚੋਣਾਂ ਦਾ ਪਿਛਲਾ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰ ਕਾਂਗਰਸ ਨੇ ਕਿਸੇ ਵੱਡੇ ਚਿਹਰੇ ਦੀ ਬਜਾਏ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੂੰ ਹੀ ਮੈਦਾਨ ਵਿਚ ਉਤਾਰ

lok Sabha Election

ਚੰਡੀਗੜ੍ਹ- ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਹੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕ ਦੂਜੇ ਤੋਂ ਅੱਗੇ ਨਿਕਲਣ ਲਈ ਸਰਗਰਮ ਹੋ ਗਈਆਂ ਨੇ ਹਰ ਪਾਰਟੀ ਵਲੋਂ ਆਪਣੀ ਜਿੱਤ ਯਕੀਨੀ ਬਣਾਉਣ ਦੇ ਮਕਸਦ ਨਾਲ ਸੂਬੇ ਦੀਆਂ 13 ਸੀਟਾਂ 'ਤੇ ਚੰਗੇ ਤੋਂ ਚੰਗੇ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਅੰਮ੍ਰਿਤਸਰ ਵਰਗੀ ਵੱਕਾਰੀ ਸੀਟ ਨੂੰ ਜਿੱਤਣ ਲਈ ਹਰ ਪਾਰਟੀ ਉਤਾਵਲੀ ਹੈ।

ਜਿੱਥੇ ਕਾਂਗਰਸ ਇਸ ਸੀਟ 'ਤੇ ਅਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੀ ਹੈ। ਉਥੇ ਹੀ ਭਾਜਪਾ ਮੁੜ ਤੋਂ ਇਸ ਸੀਟ ਨੂੰ ਹਾਸਲ ਕਰਨ ਦੀਆਂ ਗੋਂਦਾਂ ਗੁੰਦ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਦਾ ਇਤਿਹਾਸ ਰਿਹਾ ਹੈ ਕਿ ਜਦੋਂ-ਜਦੋਂ ਵੀ ਕੋਈ ਧੜੱਲੇਦਾਰ ਉਮੀਦਵਾਰ ਜਾਂ ਸੈਲੀਬ੍ਰਿਟੀ ਆਇਆ ਜਨਤਾ ਝੱਟ ਉਸ ਦੇ ਪਿੱਛੇ ਹੋ ਜਾਂਦੀ ਹੈ। ਪਿਛਲਾ ਇਤਿਹਾਸ ਦੇਖੀਏ ਤਾਂ 1952 ਤੋਂ ਲੈ ਕੇ 2017 ਤਕ 3 ਉਪ ਚੋਣਾਂ ਸਮੇਤ ਕੁੱਲ 16 ਚੋਣਾਂ ਹੋਈਆਂ। 

ਜਿਨ੍ਹਾਂ ਵਿਚ 12 ਵਾਰ ਕਾਂਗਰਸ ਅਤੇ 4 ਵਾਰ ਭਾਜਪਾ ਦੇ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਅੰਮ੍ਰਿਤਸਰ ਤੋਂ ਗੁਰਮੁਖ ਸਿੰਘ ਮੁਸਾਫ਼ਰ ਪਹਿਲੇ ਸੰਸਦ ਮੈਂਬਰ ਚੁਣੇ ਗਏ ਸਨ ਜੋ ਤਿੰਨ ਵਾਰ ਇਸ ਸੀਟ ਤੋਂ ਚੋਣ ਜਿੱਤੇ ਇਸੇ ਤਰ੍ਹਾਂ ਕਾਂਗਰਸੀ ਉਮੀਦਵਾਰ ਰਘੁਨੰਦਨ ਲਾਲ ਭਾਟੀਆ ਨੇ ਵੀ ਅਪਣੀਆਂ 6 ਚੋਣਾਂ 1972, 1980, 1984, 1991, 1996 ਅਤੇ 1999 ਵਿਚ ਜਿੱਤ ਦਰਜ ਕੀਤੀ। ਉਸ ਸਮੇਂ ਕਾਂਗਰਸ ਕੋਲ ਰਘੁਨੰਦਨ ਲਾਲ ਭਾਟੀਆ ਇਕ ਅਜਿਹੀ ਸਿਆਸੀ ਤੋਪ ਸੀ, ਜਿਸ ਦੇ ਸਾਹਮਣੇ ਭਾਜਪਾ ਦੇ ਕੋਲ ਕੋਈ ਦਮਦਾਰ ਚਿਹਰਾ ਨਹੀਂ ਸੀ।

ਪਰ ਫਿਰ ਭਾਜਪਾ ਦੇ ਯੱਗ ਦੱਤ ਸ਼ਰਮਾ ਨੇ ਜਿੱਤ ਹਾਸਲ ਕੀਤੀ। ਜੋ ਕਾਂਗਰਸੀ ਉਮੀਦਵਾਰ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਚਿਹਰਾ ਸਾਬਤ ਹੋਏ। ਦਰਅਸਲ ਰਘੁਨੰਦਨ ਲਾਲ ਭਾਟੀਆ ਦੀ ਜਿੱਤ ਦਾ ਕਾਰਨ ਕਾਂਗਰਸ ਪਾਰਟੀ ਨਾ ਹੋ ਕੇ ਉਨ੍ਹਾਂ ਦਾ ਅਪਣਾ ਵਜੂਦ ਸੀ। ਫਿਰ ਭਾਜਪਾ ਨੇ ਵੀ ਇਹੀ ਪੈਂਤੜੇ ਖੇਡਦੇ ਹੋਏ ਵਿਸ਼ਵ ਪ੍ਰਸਿੱਧ ਚਿਹਰੇ ਨਵਜੋਤ ਸਿੰਘ ਸਿੱਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ।

ਜਿਸ ਦੇ ਮੁਕਾਬਲੇ ਕਾਂਗਰਸ ਨੇ ਵਿਆਪਕ ਜਨ ਆਧਾਰ ਵਾਲੇ ਨੇਤਾ ਓਮ ਪ੍ਰਕਾਸ਼ ਸੋਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜੋ ਪਹਿਲਾਂ ਕਦੇ ਵੀ ਚੋਣ ਨਹੀਂ ਹਾਰੇ ਸਨ। ਪਰ ਚਿਹਰੇ ਦੀ ਦੀਵਾਨੀ ਅੰਮ੍ਰਿਤਸਰ ਦੀ ਜਨਤਾ ਨੇ ਨਵਜੋਤ ਸਿੱਧੂ ਦੇ ਹੱਕ 'ਚ ਫ਼ਤਵਾ ਦੇ ਦਿਤਾ ਸੀ। ਅਤੇ ਇਹ ਸੀਟ ਭਾਜਪਾ ਦੀ ਝੋਲੀ ਵਿਚ ਚਲੀ ਗਈ। ਦੂਜੀ ਵਾਰ ਫਿਰ ਕਾਂਗਰਸ ਨੇ ਅਪਣੇ ਸਿਆਸੀ ਧੁਰੰਤਰ ਸੁਰਿੰਦਰ ਸਿੰਗਲਾ ਨੂੰ ਭੇਜਿਆ। ਪਰ ਉਹ ਸਿੱਧੂ ਦੀ ਖਿੱਚ ਨੂੰ ਨਹੀਂ ਤੋੜ ਸਕੇ।

ਨਵਜੋਤ ਸਿੱਧੂ ਵਲੋਂ ਚੋਣ ਲੜਨੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਹ ਸੀਟ ਉਸ ਸਮੇਂ ਫਿਰ ਕਾਂਗਰਸ ਦੇ ਖਾਤੇ ਵਿਚ ਚਲੀ ਗਈ ਜਦੋਂ ਕਾਂਗਰਸ ਪਾਰਟੀ ਨੇ ਇੱਥੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਮਹਾਂਰਥੀ ਨੂੰ ਖੜ੍ਹਾ ਕਰ ਦਿਤਾ। ਭਾਵੇਂ ਕਿ ਭਾਜਪਾ ਨੇ ਵੀ ਇਹ ਸੀਟ ਜਿੱਤਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਅਰੁਣ ਜੇਤਲੀ ਖੜ੍ਹਾ ਕੀਤਾ ਹੋਇਆ ਸੀ।

ਪਰ ਚੋਣ ਮਹਾਂਯੁੱਧ ਵਿਚ ਕੈਪਟਨ ਅਮਰਿੰਦਰ ਸਿੰਘ ਬਾਜ਼ੀ ਮਾਰ ਗਏ। ਫਿਰ ਜਦੋਂ 2017 ਵਿਚ ਕੈਪਟਨ ਦੇ ਵਿਧਾਨ ਸਭਾ ਚੋਣ ਲੜਨ ਦੌਰਾਨ ਇਹ ਸੀਟ ਖ਼ਾਲੀ ਹੋ ਗਈ। ਤਾਂ ਇੱਥੋਂ ਕੋਈ ਉਮੀਦਵਾਰ ਜ਼ਿਮਨੀ ਚੋਣ ਲੜਨ ਲਈ ਤਿਆਰ ਨਹੀਂ ਸੀ ਕਿਉਂਕਿ ਕੇਂਦਰ ਵਿਚ ਮੋਦੀ ਸਰਕਾਰ ਦਾ ਬੋਲਬਾਲਾ ਹੋ ਗਿਆ ਸੀ। ਭਾਜਪਾ ਨੇ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਆਪ ਨੇ ਵੀ ਸਥਾਨਕ ਨੇਤਾ ਉਪਕਾਰ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ।

ਪਰ ਇਸ ਵਾਰ ਕਾਂਗਰਸ ਨੇ ਕਿਸੇ ਵੱਡੇ ਚਿਹਰੇ ਦੀ ਬਜਾਏ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੂੰ ਹੀ ਮੈਦਾਨ ਵਿਚ ਉਤਾਰ ਦਿਤਾ। ਪਰ ਇਸ ਚੋਣ ਦੌਰਾਨ ਔਜਲਾ ਦੀ ਲਾਟਰੀ ਲੱਗ ਗਈ। ਹੁਣ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਇਸ ਸੀਟ 'ਤੇ ਅਪਣਾ ਪੂਰਾ ਜ਼ੋਰ ਲਗਾਉਣ ਵਿਚ ਲੱਗੀਆਂ ਹੋਈਆਂ ਹਨ। ਜਿੱਥੇ ਇਸ ਸੀਟ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਂ ਦੀ ਚਰਚਾ ਹੋ ਚੁੱਕੀ ਹੈ।

ਉਥੇ ਹੀ ਰਾਜ ਬੱਬਰ ਦੇ ਨਾਮ ਦੀ ਵੀ ਚਰਚਾ ਹੈ। ਜਦਕਿ ਭਾਜਪਾ ਵਲੋਂ ਅਕਸ਼ੈ ਕੁਮਾਰ ਅਤੇ ਸੰਨੀ ਦਿਓਲ ਵਰਗੇ ਚਿਹਰਿਆਂ ਨੂੰ ਲਿਆਏ ਜਾਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਦੋਵੇਂ ਪਾਰਟੀਆਂ ਕੋਲ ਦਮਦਾਰ ਉਮੀਦਵਾਰਾਂ ਦੀ ਘਾਟ ਨਹੀਂ ਹੈ। ਪਰ ਦੋਵੇਂ ਪਾਰਟੀਆਂ ਕਿਸੇ ਜਨ ਆਧਾਰ ਵਾਲੇ ਉਮੀਦਵਾਰ ਦੀ ਬਜਾਏ ਕਿਸੇ ਸੈਲੇਬ੍ਰਿਟੀ ਨੂੰ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੀਆਂ ਹਨ। ਭਾਵੇਂ ਉਹ ਕੋਈ ਫਿਲਮੀ ਅਦਾਕਾਰ ਹੋਵੇ, ਜਾਂ ਰਾਸ਼ਟਰੀ ਨੇਤਾ ਜਾਂ ਫਿਰ ਕੋਈ ਕ੍ਰਿਕਟਰ ਖਿਡਾਰੀ।