ਕੋਰੋਨਾ ਦੇ ਮੱਦੇਨਜ਼ਰ ਬੱਚਿਆਂ ਦੇ ਸਿਫ਼ਟਾਂ ਵਿਚ ਹੋਣਗੇ ਪੇਪਰ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਦੂਜੇ ਵਿਚਕਾਰ ਦੂਰੀ ਸਮੇਤ ਬਾਕੀ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਹੋਵੇਗੀ ਪਾਲਣਾ

Capt Amrinder Singh

ਚੰਡੀਗੜ੍ਹ: ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਹਿਤਿਆਤੀ ਕਦਮ ਚੁਕਦਿਆਂ ਕਈ ਜ਼ਿਲ੍ਹਿਆਂ ਅੰਦਰ ਰਾਤ ਦਾ ਕਰਫਿਊ ਐਲਾਨ ਹੈ। ਇਸੇ ਦੌਰਾਨ ਲੰਮੀ ਬੰਦੀ ਤੋਂ ਬਾਅਦ ਖੁਲ੍ਹੇ ਸਕੂਲਾਂ ਨੂੰ ਲੈ ਕੇ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਬੀਤੇ ਦਿਨ ਸਰਕਾਰ ਨੇ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਹ ਕਦਮ ਕੋਰੋਨਾ ਦੇ ਮੱਦੇਨਜ਼ਰ ਚੁਕਿਆ ਗਿਆ ਤਾਂ ਜੋ ਵਿਦਿਆਰਥੀ ਘਰਾਂ ਅੰਦਰ ਰਹਿ ਕੇ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਣ।

ਹੁਣ ਸਰਕਾਰ ਨੇ ਪੇਪਰਾਂ ਨੰ ਲੈ ਕੇ ਵੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ਤਹਿਤ ਪੇਪਰ ਇਕੱਠੇ ਨਾ ਹੋ ਕੇ ਸਿਫ਼ਟਾਂ ਵਿਚ ਹੋਣਗੇ। ਭੀੜ ਘਟਾਉਣ ਦੇ ਮਕਸਦ ਨਾਲ ਚੁੱਕੇ ਗਏ ਕਦਮਾਂ ਤਹਿਤ ਪਹਿਲੀ ਤੋਂ ਚੌਥੀ, 6ਵੀਂ, 7ਵੀਂ, 9ਵੀਂ ਅਤੇ 11ਵੀਂ ਜਮਾਤ ਦੇ ਪੇਪਰ ਸ਼ਿਫ਼ਟਾਂ ਵਿਚ ਲਏ ਜਾਣਗੇ। ਇਸ ਸਬੰਧੀ ਸਿਹਤ ਵਿਭਾਗ ਨੇ ਸੋਧੀ ਹੋਈ ਡੇਟਸ਼ੀਟ ਦੁਬਾਰਾ ਜਾਰੀ ਕੀਤੀ ਗਈ ਹੈ। 

ਅੰਮ੍ਰਿਤਸਰ ਜ਼ਿਲ੍ਹਾ ਨਾਲ ਸਬੰਧਤ ਅਧਿਕਾਰੀ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਮ੍ਰਿਤਸਰ, ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ, ਰਜੇਸ਼ ਸਰਮਾ, ਹਰਭਗਵੰਤ ਸਿੰਘ, ਰੇਖਾ ਮਹਾਜਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਆਦਿ ਮੁਤਾਬਕ ਸੋਧੀ ਹੋਈ ਡੇਟਸ਼ੀਟ ਅਨੁਸਾਰ ਸਵੇਰ ਦਾ ਸੈਸ਼ਨ ਸਵੇਰੇ 9.00 ਵਜੇ ਤੋਂ ਦੁਪਹਿਰ 12.00 ਵਜੇ ਤੱਕ ਹੋਵੇਗਾ ਅਤੇ 20 ਮਿੰਟ ਦੀ ਬਰੇਕ ਉਪਰੰਤ ਬਾਅਦ ਦੁਪਹਿਰ 12.20 ਤੋਂ 3.20 ਤੱਕ ਸ਼ਾਮ ਦਾ ਸ਼ੈਸਨ ਹੋਵੇਗਾ। ਸੈਕੰਡਰੀ ਸਕੂਲਾਂ ਦੇ ਛੇਵੀਂ ਅਤੇ ਗਿਆਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਸੱਤਵੀਂ ਅਤੇ ਨੌਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ।

ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਤੀਜੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ 12.00 ਵਜੇ ਤੱਕ ਹੋਵੇਗੀ ਜਦਕਿ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਬਾਅਦ ਦੁਪਹਿਰ 12.20 ਤੋਂ 3.20 ਵਜੇ ਤੱਕ ਹੋਵੇਗੀ। ਇਸ ਦੌਰਾਨ ਕੋਰੋਨਾ ਪਾਜ਼ੇਟਿਵ ਦੀ ਵਜ੍ਹਾ ਨਾਲ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਅਦ ਵਿਚ ਨਵਾਂ ਪ੍ਰਸ਼ਨ ਪੱਤਰ ਜਾਰੀ ਕਰਕੇ ਲਈ ਜਾਵੇਗੀ।

ਹਦਾਇਤਾਂ ਮੁਤਾਬਕ ਪੇਪਰਾਂ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਪਾਣੀ ਦੀ ਬੋਤਲ ਸਮੇਤ ਹੋਰ ਲੋੜੀਂਦਾ ਸਮਾਨ ਵੀ ਖੁਦ ਦਾ ਲਿਆਉਣਾ ਪਵੇਗਾ। ਵਿਦਿਆਰਥੀਆਂ ਨੂੰ ਇਕ-ਦੂਜੇ ਦਾ ਸਮਾਨ ਵਰਤਣ ਦਾ ਮਨਾਹੀ ਹੋਵੇਗੀ ਅਤੇ ਕਮਰੇ ਵਿਚ ਇਕ ਡੈਸਕ 'ਤੇ ਇਕ ਹੀ ਵਿਦਿਆਰਥੀ ਦੇ ਬੈਠਣ ਦੀ ਵਿਵਸਥਾ ਕੀਤੀ ਜਾਵੇਗੀ। ਡੈਸਕ ਘਟਣ ਦੀ ਸੂਰਤ ਵਿਚ ਵਿਦਿਆਰਥੀਆਂ ਨੂੰ ਟਾਟ ਆਦਿ ਉਪਰ ਬਰਾਂਡੇ ਜਾਂ ਖੁੱਲ੍ਹੇ ਵਿਚ ਵੀ ਬਿਠਾਇਆ ਜਾ ਸਕਦਾ ਹੈ।