Mithali Raj ਨੇ ਫਿਰ ਦਿਖਾਇਆ ਕਮਾਲ, ਵਨਡੇ ਕ੍ਰਿਕਟ ਵਿਚ 7000 ਦੌੜਾਂ ਪੂਰੀਆਂ ਕਰਕੇ ਰਚਿਆ ਇਤਿਹਾਸ
ਵਨਡੇ ਵਿਚ 7000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ ਰਾਜ
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਮਹਿਲਾ ਵਨਡੇ ਕ੍ਰਿਕਟ ਵਿਚ ਇਕ ਹੋਰ ਵੱਡਾ ਰਿਕਾਰਡ ਅਪਣੇ ਨਾਮ ਕਰ ਲਿਆ ਹੈ। ਦਰਅਸਲ ਮਿਤਾਲੀ ਵਨਡੇ ਵਿਚ 7000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।
ਸਾਲ 1999 ਵਿਚ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਿਤਾਲੀ ਇੰਟਰਨੈਸ਼ਨਲ ਕ੍ਰਿਕਟ ਵਿਚ 10,000 ਦੌੜਾਂ ਬਣਾਉਣ ਵਾਲੀ ਦੁਨੀਆਂ ਦੀ ਦੂਜੀ ਮਹਿਲਾ ਕ੍ਰਿਕਟਰ ਹੈ ਤਾਂ ਉੱਥੇ ਹੀ ਉਹ ਭਾਰਤ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਸੀ। ਮਿਤਾਲੀ ਨੇ ਵਨਡੇ ਵਿਚ ਅਪਣੀਆਂ 7000 ਦੌੜਾਂ ਸਾਊਥ ਅਫਰੀਕਾ ਮਹਿਲਾ ਟੀਮ ਨਾਲ ਖੇਡੇ ਜਾ ਰਹੇ ਚੌਥੇ ਵਨਡੇ ਮੈਚ ਵਿਚ ਬਣਾਈਆਂ। ਮਿਤਾਲੀ 45 ਦੌੜਾਂ ਬਣਾ ਕੇ ਆਊਟ ਹੋਈ ਹੈ।
ਇਸ ਤੋਂ ਇਲਾਵਾ ਮਹਿਲਾ ਵਨਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਦੂਜੀ ਮਹਿਲਾ ਕ੍ਰਿਕਟਰ ਇੰਗਲੈਂਡ ਦੀ ਸ਼ਾਰਲੋਟ ਐਡਵਰਡਸ ਹੈ, ਜਿਸ ਦੇ ਨਾਂਅ ’ते 5992 ਦੌੜਾਂ ਦਰਜ ਹਨ। ਮਹਿਲਾ ਕ੍ਰਿਕਟ ਵਿਚ ਮਿਤਾਲੀ 6000 ਅਤੇ 7000 ਦੌੜਾਂ ਬਣਾਉਣ ਵਾਲੀ ਦੁਨੀਆਂ ਦੀ ਪਹਿਲੀ ਕ੍ਰਿਕਟਰ ਹੈ।
ਦੱਸ ਦਈਏ ਕਿ 1999 ਤੋਂ ਲੈ ਕੇ 2021 ਤੱਕ ਮਿਤਾਲੀ ਲਗਾਤਾਰ ਭਾਰਤੀ ਮਹਿਲਾ ਟੀਮ ਵੱਲੋਂ ਖੇਡ ਰਹੀ ਹੈ। ਮਿਤਾਲੀ ਵਨਡੇ ਵਿਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੀ ਕ੍ਰਿਕਟਰ ਵੀ ਹੈ। ਉਸ ਨੇ ਭਾਰਤ ਵੱਲੋਂ 7 ਸੈਂਕੜੇ ਲਗਾਏ ਹਨ।