ਕਿਸਾਨ ਨੇ ਘਰ ਵਿਚ ਹੀ ਬਣਾਈ ਅਨੋਖੀ ਇਲੈਕਟ੍ਰਿਕ ਕਾਰ, ਜਾਣੋ ਇਸ ਦੀ ਖਾਸੀਅਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਡੀਸ਼ਾ ਦੇ ਸੁਨੀਲ ਅਗ੍ਰਵਾਲ ਨੇ ਲੌਕਡਾਊਨ ਦੌਰਾਨ ਤਿਆਰ ਕੀਤੀ ਇਲੈਕਟ੍ਰਿਕ ਕਾਰ

Odisha farmer builds electric car

ਭੁਵਨੇਸ਼ਨਰ: ਓਡੀਸ਼ਾ ਦੇ ਮਯੂਰਭੰਜ ਵਿਚ ਰਹਿਣ ਵਾਲੇ ਕਿਸਾਨ ਨੇ ਇਕ ਅਨੋਖੀ ਇਲੈਕਟ੍ਰਿਕ ਕਾਰ ਤਿਆਰ ਕੀਤੀ ਹੈ। ਘਰ ਵਿਚ ਹੀ ਤਿਆਰ ਕੀਤੀ ਗਈ ਇਸ ਕਾਰ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਕਾਰ ਨੂੰ ਤਿਆਰ ਕਰਨ ਵਾਲੇ ਕਿਸਾਨ ਸੁਸ਼ੀਲ ਅਗ੍ਰਵਾਲ ਦਾ ਕਹਿਣਾ ਹੈ ਕਿ ਇਹ ਕਾਰ ਸੂਰਜੀ ਊਰਜਾ ਨਾਲ ਚੱਲਣ ਵਾਲੀ ਬੈਟਰੀ ’ਤੇ ਕੰਮ ਕਰਦੀ ਹੈ।

ਮਯੂਰਭੰਜ ਜ਼ਿਲ੍ਹੇ ਦੇ ਕਰੰਜੀਆ ਸਬ-ਡਵੀਜ਼ਨ ਦੇ ਰਹਿਣ ਵਾਲੇ ਸੁਸ਼ੀਲ ਨੇ ਦੱਸਿਆ ਕਿ ਇਹ ਕਾਰ 850 ਵਾਟ ਦੀ ਮੋਟਰ 100 Ah / 54 ਵੋਲਟ ਦੀ ਬੈਟਰੀ ਨਾਲ ਸੰਚਾਲਿਤ ਹੈ ਅਤੇ ਇਕ ਵਾਰ ਚਾਰਜ ਹੋਣ 'ਤੇ ਇਹ ਕਾਰ 300 ਕਿਲੋਮੀਟਰ ਤੱਕ ਚੱਲ ਸਕਦੀ ਹੈ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਸੁਸ਼ੀਲ ਅਗ੍ਰਵਾਲ ਨੇ ਦੱਸਿਆ ਕਿ ਉਹਨਾਂ ਦੀ ਘਰ ਨੇੜੇ ਹੀ ਇਕ ਵਰਕਸ਼ਾਪ ਹੈ।

ਲੌਕਡਾਊਨ ਦੌਰਾਨ ਉਹਨਾਂ ਨੇ ਇਸ ਕਾਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਕਾਰ ਦੀ ਬੈਟਰੀ ਨੂੰ ਚਾਰਜ ਹੋਣ ਲਈ ਸਾਢੇ 8 ਘੰਟੇ ਲੱਗਦੇ ਹਨ। ਇਹ ਇਕ ਸਲੋ ਚਾਰਜ ਬੈਟਰੀ ਹੈ। ਅਜਿਹੀ ਬੈਟਰੀ ਲੰਬੇ ਸਮੇਂ ਤੱਕ ਚੱਲਦੀ ਹੈ, ਇਹ 10 ਸਾਲ ਤੱਕ ਚੱਲੇਗੀ। ਇਸ ਕਾਰ ਨੂੰ ਬਣਾਉਣ ਲਈ ਉਹਨਾਂ ਨੂੰ ਤਿੰਨ ਮਹੀਨੇ ਦਾ ਸਮਾਂ ਲੱਗਿਆ, ਇਸ ਦੌਰਾਨ ਉਹਨਾਂ ਦੇ ਇਕ ਦੋਸਤ ਨੇ ਇਲੈਕਟ੍ਰਿਕ ਕੰਮ ਕਰਨ ਵਿਚ ਮਦਦ ਕੀਤੀ ਸੀ।

ਸੁਸ਼ੀਲ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਦੌਰ ਵਿਚ ਉਹ ਅਪਣੀ ਕਾਰ ਦੀ ਵਰਤੋਂ ਕਰਨਗੇ। ਇਸ ਕਾਰ ਨੂੰ ਬਣਾਉਣ ਲਈ ਉਹਨਾਂ ਨੇ ਕਈ ਕਿਤਾਬਾਂ, ਯੂਟਿਊਬ ਵੀਡੀਓ ਆਦਿ ਦੀ ਮਦਦ ਲਈ। ਗੋਪਾਲ ਕ੍ਰਿਸ਼ਣ ਦਾਸ ਆਰਟੀਓ ਮਯੂਰਭੰਜ ਨੇ ਕਿਹਾ ਕਿ ਉਹਨਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਲੌਕਡਾਊਨ ਦੌਰਾਨ ਕਿਸੇ ਨੇ ਸੌਰ-ਬੈਟਰੀ ਨਾਲ ਚੱਲਣ ਵਾਲੀ ਕਾਰ ਨੂੰ ਡਿਜ਼ਾਇਨ ਅਤੇ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਹੈ।