ਅਬਦੁੱਲਾ, ਮੁਫ਼ਤੀ ਨੂੰ ਭਾਰਤ ਦਾ ਬਟਵਾਰਾ ਨਹੀਂ ਕਰਨ ਦੇਵਾਂਗੇ : ਮੋਦੀ
ਕਿਹਾ, ਕਾਂਗਰਸ ਕੀਟਾਣੂਆਂ ਨਾਲ ਪ੍ਰਭਾਵਤ ਰਹੀ ਹੈ
ਕਠੂਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਰੈਲੀ 'ਚ ਅਬਦੁੱਲਾ ਅਤੇ ਮੁਫ਼ਤੀ ਪਰਵਾਰ 'ਤੇ ਐਤਵਾਰ ਨੂੰ ਨਿਸ਼ਾਨਾ ਸਾਧਿਆ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਇਨ੍ਹਾਂ ਦੋਹਾਂ ਪਰਵਾਰਾਂ ਨੇ ਜੰਮੂ-ਕਸ਼ਮੀਰ ਦੀਆਂ ਤਿੰਨ ਪੀੜੀਆਂ 'ਬਰਬਾਦ' ਕਰ ਦਿਤੀਆਂ ਪਰ ਉਹ ਉਨ੍ਹਾਂ ਨੂੰ ਭਾਰਤ ਦੀ 'ਵੰਡ' ਨਹੀਂ ਕਰਨ ਦੇਣਗੇ। ਪ੍ਰਧਾਨ ਮੰਤਰੀ ਦਾ ਇਸ਼ਾਰਾ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਜੰਮੂ ਕਸ਼ਮੀਰ ਵਿਚ ਵੱਖਰਾ ਪ੍ਰਧਾਨ ਮੰਤਰੀ ਬਣਾਉਣ ਦੀ ਮੰਗ ਵਲ ਸੀ।
ਮੋਦੀ ਨੇ ਕਿਹਾ ਕਿ ਅਬਦੁੱਲਾ ਅਤੇ ਮੁਫ਼ਤੀ ਪਰਵਾਰਾਂ ਨੇ ਸੂਬੇ ਦੀਆਂ ਤਿੰਨ ਪੀੜੀਆਂ 'ਬਰਬਾਦ' ਕਰ ਦਿਤੀਆਂ। ਤਿੰਨ ਪੀੜੀਆਂ ਦੀ ਰਾਹ ਵਿਚ ਉਨ੍ਹਾਂ ਰੋੜੇ ਅਟਕਾਏ ਹਨ। ਸੂਬੇ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਸੱਤਾ ਵਿਚੋਂ ਬਾਹਰ ਕਰਨ ਦੀ ਜ਼ਰੂਰਤ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਜੰਮੂ-ਕਸ਼ਮੀਰ ਦਾ ਚੰਗਾ ਭਵਿੱਖ ਸਿਰਫ਼ ਉਨ੍ਹਾਂ ਨੂੰ ਬਾਹਰ ਦਾ ਰਾਹ ਦਿਖਾਉਣ 'ਤੇ ਹੀ ਨਿਸ਼ਚਤ ਹੋਵੇਗਾ। ਉਹ ਅਪਣੇ ਪੂਰੇ ਪਰਵਾਰ ਨੂੰ ਮੈਦਾਨ ਵਿਚ ਉਤਾਰ ਸਕਦੇ ਹਨ, ਮੋਦੀ ਨੂੰ ਜਿਨੀਆਂ ਮਰਜ਼ੀ ਗਾਲ੍ਹਾਂ ਕੱਖ ਸਕਦੇ ਹਨ ਪਰ ਉਹ ਦੇਸ਼ ਨੂੰ ਵੰਡ ਨਹੀਂ ਸਕਣਗੇ।
ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਿਚ ਰਾਜ ਮੰਤਰੀ ਜਤਿੰਤਰ ਸਿੰਘ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਪਹਿਲੇ ਗੇੜ ਵਿਚ ਵੱਡੀ ਗਿਣਤੀ ਵਿਚ ਮਤਦਾਨ ਦੇ ਸਰਗਨਿਆਂ, ਅਵਸਰਵਾਦੀਆਂ ਨੂੰ 'ਫ਼ਟਕਾਰ' ਅਤੇ ਮਹਾਂਮਿਲਾਵਟ' ਗਠਜੋੜ ਨੂੰ ਤਬਾਹ ਕੀਤਾ। ਮੋਦੀ ਨੇ ਕਿਹਾ, ' ਤੁਸੀਂ ਚੋਣਾਂ ਦੇ ਪਹਿਲੇ ਗੇੜ ਵਿਚ ਭਾਰਤ ਦੇ ਲੋਕਤੰਤਰ ਦੀ ਤਾਕਤ ਨੂੰ ਸਾਬਤ ਕੀਤਾ।'' ਜਤਿੰਦਰ ਸਿੰਘ ਉਧਮਪੁਰ ਲੋਕ ਸਭਾ ਸੀਟ ਤੋਂ ਇਕ ਵਾਰ ਫਿਰ ਮੈਦਾਨ ਵਿਚ ਹਨ। ਕਾਂਗਰਸ 'ਤੇ ਨਿਸ਼ਾਨਾਂ ਲਗਾਉਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ''ਕਾਂਗਰਸ ਕੀਟਾਣੂਆਂ ਨਾਲ ਪ੍ਰਭਾਵਤ ਰਹੀ ਹੈ। ਸਦੀਆਂ ਪੁਰਾਣੀ ਪਾਰਟੀ ਨੇ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਹੈ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਸੁਰਖਿਆ ਬਲਾਂ ਨੂੰ ਹਟਾਉਣ ਲਈ ਸੂਬੇ ਵਿਚ ਅਫ਼ਸਪਾ ਨੂੰ ਖ਼ਤਮ ਕਰ ਦੇਣਗੇ।''
ਮੋਦੀ ਨੇ ਜਲਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਐਤਵਾਰ ਨੂੰ ਕਰਵਾਏ ਪ੍ਰੋਗਰਾਮ ਵਿਚ ਰਾਜਨੀਤੀਕਰਨ ਕਰਨ 'ਤੇ ਕਾਂਗਰਸ ਦੀ ਨਿੰਦਿਆ ਕੀਤੀ। ਉਨ੍ਹਾਂ ਕਿਹ, 'ਉਪ ਰਾਸ਼ਟਰਪਤੀ ਜਲਿਆਂਵਾਲਾ ਬਾਗ਼ ਕਤਲੇਆਮ ਲਈ ਕਰਵਾਏ ਪ੍ਰੋਗਰਾਮ ਵਿਚ ਸਨ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਪਰ ਕਾਂਗਰਸ ਦੇ ਮੁੱਖ ਮੰਤਰੀ ਉਥੇ ਨਹੀਂ ਸਨ। '' ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜਲਿਆਂਵਾਲਾ ਬਾਗ਼ ਕਤਲੇਆਮ ਦੇ 100 ਸਾਲ ਪੂਰੇ ਹੋਣ 'ਤੇ ਕਰਵਾਏ ਇਸ ਪ੍ਰੋਗਰਾਮ ਵਿਚ ਹਿੱਸਾ ਨਾ ਲੈ ਕੇ ਉਸ ਦੀ (ਜਲਿਆਂਵਾਲੇ ਬਾਗ਼) ਬੇਇੱਜ਼ਤੀ ਕੀਤੀ। ਮੋਦੀ ਨੇ ਕਿਹਾ ਕਿ ਉਹ ਅਮਰਿੰਦਰ ਸਿੰਘ 'ਤੇ ਕਾਇਮ ਦਬਾਅ ਨੂੰ ਸਮਝ ਸਕਦੇ ਹਨ।
ਮੋਦੀ ਨੇ ਦੋਸ਼ ਲਗਾਇਆ, ''ਕਾਂਗਰਸ ਲਈ ਫ਼ੌਜ ਸਿਰਫ਼ ਪੈਸਾ ਕਮਾਉਣ ਦਾ ਇਕ ਜ਼ਰੀਆਂ ਹੈ।'' ਮੋਦੀ ਨੇ ਘਾਟੀ ਵਿਚ ਕਸ਼ਮੀਰੀ ਪੰਡਤਾਂ ਸਬੰਧੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ, ''ਕਾਂਗਰਸ ਦੀਆਂ ਨੀਤੀਆਂ ਕਸ਼ਮੀਰੀ ਪੰਡਤਾਂ ਤੇ ਘਾਟੀ ਵਿਚ ਅਪਣੇ ਘਰ ਛੱਡ ਕੇ ਜਾਣ ਲਈ ਜਿੰਮੇਵਾਰ ਹਨ।'' ਪ੍ਰਧਾਨ ਮੰਤਰੀ ਨੇ 1984 ਸਿੱਖ ਕਤਲੇਆਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ 'ਨਿਆਂ' ਦਾ ਵਾਅਦਾ ਕਰ ਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ। (ਪੀਟੀਆਈ)