ਵੋਟਿੰਗ ਮਸ਼ੀਨਾਂ 'ਤੇ ਫਿਰ ਉੱਠਿਆ ਸਵਾਲ
ਲੋਕ ਵੋਟ ਪਾ ਕਿਸੇ ਹੋਰ ਪਾਰਟੀ ਨੂੰ ਰਹੇ ਸਨ ਤੇ ਵੋਟ ਜਾ ਕਿਸੇ ਹੋਰ ਪਾਰਟੀ ਨੂੰ ਰਹੀ ਸੀ
ਨਵੀਂ ਦਿੱਲੀ: ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਇੱਕ ਵਾਰ ਫਿਰ ਵੋਟਿੰਗ ਮਸ਼ੀਨਾਂ ਦਾ ਮੁੱਦਾ ਗਰਮਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਅੱਜ ਇਸ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਵੋਟਿੰਗ ਦੌਰਾਨ EVM ਮਸ਼ੀਨਾਂ ਠੀਕ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸੀ। ਲੋਕ ਵੋਟ ਪਾ ਕਿਸੇ ਹੋਰ ਪਾਰਟੀ ਨੂੰ ਰਹੇ ਸਨ ਤੇ ਵੋਟ ਜਾ ਕਿਸੇ ਹੋਰ ਪਾਰਟੀ ਨੂੰ ਰਹੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਵੋਟਿੰਗ ਮਸ਼ੀਨਾਂ ਦੇ ਕੁਝ ਬਟਨ ਖਰਾਬ ਸਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਲੀਡਰ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ 'ਤੇ ਵਿਰੋਧੀ ਧਿਰ ਨਿਆਂ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਟੀਡੀਪੀ ਲੀਡਰ ਤੇ ਆਂਧਰਾ ਪ੍ਰਦੇਸ਼ ਦੇ ਸੀਐਮ ਚੰਦਰ ਬਾਬੂ ਨਾਇਡੂ, ਆਪ ਚੀਫ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਲੀਡਰ ਕਪਿਲ ਸਿੱਬਲ ਮੌਜੂਦ ਸਨ। ਸਿੰਘਵੀ ਨੇ ਕਿਹਾ ਕਿ EVM ਦੇ ਮੁੱਦੇ 'ਤੇ ਉਹ ਫਿਰ ਤੋਂ ਸੁਪਰੀਮ ਕੋਰਟ ਜਾਣਗੇ।
ਉਹ ਨਹੀਂ ਮੰਨਦੇ ਕਿ ਚੋਣ ਕਮਿਸ਼ਨ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ। ਵੋਟਿੰਗ ਮਸ਼ੀਨਾਂ ਦੇ ਬਟਨ ਖਰਾਬ ਹਨ। ਵੋਟ ਕਿਸੇ ਨੂੰ ਦਿਓ ਤੇ ਜਾਂਦਾ ਕਿਸੇ ਹੋਰ ਨੂੰ ਹੈ। VVPAT ਵਿਚ ਸਿਰਫ਼ 4 ਸੈਕਿੰਡ ਤਕ ਤਸਵੀਰ ਦਿਸਦੀ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਵੋਟਰ ਲਿਸਟ ਵਿਚ ਖਰਾਬੀ ਤਾਂ ਹੈ ਹੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ VVPAT ਪਰਚੀਆਂ ਦੀ ਗਿਣਤੀ ਦਾ ਅੰਕੜਾ ਵਧਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੰਗ ਕਰਨ ਵਾਲੀਆਂ 21 ਪਾਰਟੀਆਂ ਦੇਸ਼ ਦੀ 70 ਫੀਸਦੀ ਜਨਸੰਖਿਆ ਦੀ ਅਗਵਾਈ ਕਰਦੀਆਂ ਹਨ।