ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ 8.31 ਕਰੋੜ ਕਿਸਾਨਾਂ ਨੂੰ ਮਿਲਿਆ ਲਾਭ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਰਕਾਰ ਵੱਲੋਂ ਤਾਲਾਬੰਦੀ ਦੀ ਮਿਆਦ ਦੌਰਾਨ ਕਿਸਾਨਾਂ....
ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਰਕਾਰ ਵੱਲੋਂ ਤਾਲਾਬੰਦੀ ਦੀ ਮਿਆਦ ਦੌਰਾਨ ਕਿਸਾਨਾਂ ਨੂੰ 16,621 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ। 24 ਮਾਰਚ ਨੂੰ ਤਾਲਾਬੰਦੀ ਦੀ ਘੋਸ਼ਣਾ ਤੋਂ ਹੁਣ ਤੱਕ 8.31 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ 2 ਹਜ਼ਾਰ ਰੁਪਏ ਦੀ ਕਿਸ਼ਤ ਭੇਜੀ ਜਾ ਚੁੱਕੀ ਹੈ।
ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦਿੱਤੇ ਜਾਂਦੇ ਹਨ, ਜੋ 2 ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਉਨ੍ਹਾਂ ਦੇ ਖਾਤਿਆਂ ਵਿਚ ਤਬਦੀਲ ਹੋ ਜਾਂਦੇ ਹਨ। ਸਰਕਾਰ ਦੇ ਅਨੁਸਾਰ, 83.77 ਲੱਖ ਕਿਸਾਨਾਂ ਨੂੰ 1,674 ਕਰੋੜ ਰੁਪਏ ਦੀ ਰਕਮ ਭੇਜੀ ਗਈ ਹੈ। ਇਸ ਤੋਂ ਇਲਾਵਾ ਨਵੇਂ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ ਵਜੋਂ 7.47 ਕਰੋੜ ਕਿਸਾਨਾਂ ਨੂੰ 14,945 ਕਰੋੜ ਰੁਪਏ ਦਿੱਤੇ ਗਏ ਹਨ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਨਵੇਂ ਵਿੱਤੀ ਵਰ੍ਹੇ ਦੀ ਪਹਿਲੀ ਕਿਸ਼ਤ ਅਪ੍ਰੈਲ ਦੇ ਆਖਰੀ ਮਹੀਨੇ ਤੱਕ ਕਿਸਾਨਾਂ ਦੇ ਖਾਤਿਆਂ ਚ ਭੇਜੀ ਜਾਣੀ ਸੀ, ਪਰ ਤਾਲਾਬੰਦੀ ਕਾਰਨ ਸਰਕਾਰ ਨੇ ਇਸ ਨੂੰ ਸਿਰਫ ਅਪ੍ਰੈਲ ਦੇ ਪਹਿਲੇ ਪੰਖਵਾੜੇ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ।
ਇੰਨਾ ਹੀ ਨਹੀਂ, ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੇ ਐਲਾਨ ਤਹਿਤ ਸਰਕਾਰ ਨੇ 3,985 ਟਨ ਦਾਲਾਂ ਵੰਡੀਆਂ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਸਰਕਾਰ ਨੇ ਔਰਤਾਂ ਦੇ ਜਨ ਧਨ ਖਾਤਿਆਂ ਵਿੱਚ ਲਗਾਤਾਰ 3 ਮਹੀਨੇ 500 ਰੁਪਏ ਭੇਜਣੇ ਹਨ। ਉਜਵਲਾ ਯੋਜਨਾ ਦੇ ਲਾਭਪਾਤਰੀ ਔਰਤਾਂ ਨੂੰ ਜੂਨ ਤੱਕ ਮੁਫਤ ਸਿਲੰਡਰ ਦੇਣ ਵਰਗੇ ਕਈ ਵੱਡੇ ਐਲਾਨ ਕੀਤੇ ਹਨ।
ਜਨ ਧਨ ਖਾਤਿਆਂ ਵਿੱਚ 20.5 ਕਰੋੜ ਦਾ ਫੰਡ ਟਰਾਂਸਫਰ: ਜਨ ਧਨ ਯੋਜਨਾ ਦੇ ਖਾਤਿਆਂ ਦੀ ਗੱਲ ਕਰਦਿਆਂ ਸਰਕਾਰ ਨੇ 20.5 ਕਰੋੜ ਔਰਤਾਂ ਦੇ ਖਾਤਿਆਂ ਵਿੱਚ 500 ਰੁਪਏ ਦੀ ਰਕਮ ਭੇਜੀ ਹੈ। ਇਹ ਰਕਮ ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਵੀ ਔਰਤਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾਣੀ ਹੈ। ਇਸ ਦੌਰਾਨ ਵਿੱਤ ਮੰਤਰਾਲੇ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਘਬਰਾਹਟ ਦੇ ਕਿਸੇ ਵੀ ਸਮੇਂ ਇਹ ਰਕਮ ਨੂੰ ਕੱਢਵਾ ਸਕਦੇ ਹਨ ।
ਦੱਸ ਦੇਈਏ ਕਿ ਅਜਿਹੀਆਂ ਅਫਵਾਹਾਂ ਸਨ ਕਿ ਜੇ ਲਾਭਪਾਤਰੀ ਜਲਦੀ ਪੈਸੇ ਨਹੀਂ ਕੱਢਵਾਉਂਦੇ ਤਾਂ ਸਰਕਾਰ ਇਹ ਰਕਮ ਵਾਪਸ ਲੈ ਸਕਦੀ ਹੈ। ਜਿਸ ਦੇ ਚਲਦੇ ਬੈਂਕਾਂ ਵਿੱਚ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਕੋਰੋਨਾ ਸੰਕਟ ਤੋਂ ਬਚਣ ਲਈ ਸਮਾਜਿਕ ਦੂਰੀਆਂ ਦਾ ਵੀ ਪਾਲਣ ਨਹੀਂ ਕੀਤਾ ਜਾ ਰਿਹਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।