ਮੋਦੀ ਤੋਂ ਪੁੱਛੇ ਜਾਂਦੇ ਨੇ ਪਹਿਲਾਂ ਤੋਂ ਤੈਅ ਕੀਤੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਟਰਵਿਊ ਦਾ ਇਕ ਵੀਡੀਓ ਹੋਇਆ ਵਾਇਰਲ

Narender Modi

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਤੋਂ ਬਾਅਦ ਇਕ ਵਿਵਾਦ ਵਿਚ ਘਿਰਦੇ ਨਜ਼ਰ ਆ ਰਹੇ ਹਨ। ਪੀਐਮ ਮੋਦੀ ਦਾ ਹਾਲ ਹੀ ਵਿਚ ਇਕ ਟੀਵੀ ਚੈਨਲ ਨੂੰ ਦਿੱਤਾ ਇੰਟਰਵਿਊ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਇਸ ਇੰਟਰਵਿਊ ਵਿਚ ਬਾਲਾਕੋਟ ਏਅਰ ਸਟ੍ਰਾਈਕ ਅਤੇ ਡਿਜ਼ੀਟਲ ਕੈਮਰੇ ਦੇ 80 ਦੇ ਦਹਾਕੇ ਵਿਚ ਵਰਤੋਂ ਨਾਲ ਜੁੜੇ ਪੀਐਮ ਦੇ ਕੁੱਝ ਦਾਅਵਿਆਂ ਨੂੰ ਲੈ ਕੇ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ ਪਰ ਹੁਣ ਦੋਸ਼ ਇਹ ਲੱਗ ਰਿਹਾ ਕਿ ਇਸ ਇੰਟਰਵਿਊ ਦੀ ਸਕ੍ਰਿਪਟ ਪਹਿਲਾਂ ਤੋਂ ਤੈਅ ਸੀ।

ਇਸ ਇੰਟਰਵਿਊ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿੱਪ ਵਿਚ ਦਿਸਦਾ ਹੈ ਕਿ ਮੋਦੀ ਦੇ ਹੱਥ ਵਿਚ ਕੁੱਝ ਪੇਪਰ ਫੜੇ ਹੋਏ ਹਨ ਇਨ੍ਹਾਂ ਵਿਚੋਂ ਇਕ 'ਤੇ ਹਿੰਦੀ ਵਿਚ ਕਵਿਤਾ ਛਪੀ ਹੋਈ ਹੈ ਅਤੇ ਨਾਲ ਹੀ ਸਵਾਲ ਨੰਬਰ 27 ਵੀ ਦਰਜ ਹੈ। ਪੇਪਰ 'ਤੇ ਜੋ ਸਵਾਲ ਲਿਖਿਆ ਹੋਇਆ ਹੈ। ਇੰਟਰਵਿਊ ਕਰਨ ਵਾਲੇ ਪੱਤਰਕਾਰ ਵਲੋਂ ਵੀ ਮੋਦੀ ਨੂੰ ਉਹੀ ਸਵਾਲ ਪੁੱਛਿਆ ਗਿਆ।

ਕਾਂਗਰਸ ਦੀ ਸੋਸ਼ਲ ਮੀਡੀਆ ਹੈੱਡ ਦਿਵਯਾ ਸਪੰਦਨਾ ਨੇ ਵੀਡੀਓ ਟਵੀਟ ਕਰਦੇ ਹੋਏ ਦੋਸ਼ ਲਗਾਇਆ ਕਿ ਪੀਐਮ ਮੋਦੀ ਦਾ ਚੈਨਲ ਨੂੰ ਦਿਤਾ ਗਿਆ ਇੰਟਰਵਿਊ ਸਕ੍ਰਿਪਟਡ ਸੀ। ਫਰਜ਼ੀ ਅਤੇ ਸ਼ੱਕੀ ਖ਼ਬਰਾਂ ਦੀ ਪੜਤਾਲ ਕਰਨ ਵਾਲੀ ਵੈਬਸਾਈਟ ਆਲਟ ਨਿਊਜ਼ ਨੇ ਵੀ ਇਸ ਵੀਡੀਓ ਦੀ ਸਮੀਖਿਆ ਕੀਤੀ ਹੈ। ਆਲਟ ਨਿਊਜ਼ ਨੇ ਪੁਸ਼ਟੀ ਕੀਤੀ ਹੈ ਕਿ ਵੀਡੀਓ ਵਿਚ ਮੋਦੀ ਕੋਲ ਉਹੀ ਕਾਗਜ਼ ਹਨ ਜਿਨ੍ਹਾਂ 'ਤੇ ਕਵਿਤਾ ਅਤੇ ਸਵਾਲ ਲਿਖਿਆ ਨਜ਼ਰ ਆਉਂਦਾ ਹੈ।

ਦਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੈ ਕੇ ਯੂਜਰਜ ਵਿਚਕਾਰ ਕਾਫ਼ੀ ਤਿੱਖੀ ਬਹਿਸ ਚੱਲ ਰਹੀ ਹੈ ਭਾਵੇਂ ਕਿ ਜ਼ਿਆਦਾਤਰ ਲੋਕਾਂ ਵਲੋਂ ਇਸ ਨੂੰ ਲੈ ਕੇ ਪੀਐਮ ਮੋਦੀ 'ਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਪਰ ਅਜੇ ਤਕ ਇਸ ਮਾਮਲੇ ਵਿਚ ਭਾਜਪਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।