ਮੋਦੀ ਨੇ ਪਿਛਲੇ 5 ਸਾਲ ਭਰੇ ਅਮੀਰਾਂ ਦੇ ਘਰ ਤੇ ਗਰੀਬ ਖੜ੍ਹਾਏ ਲਾਈਨਾਂ ’ਚ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਦੇ ਸਾਰੇ ਵਾਅਦੇ ਨਿਕਲੇ ਝੂਠ

Rahul Gandhi

ਖੰਨਾ: ਲੋਕ ਸਭਾ ਸੀਟ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਵਲੋਂ ਉਮੀਦਵਾਰ  ਡਾ. ਅਮਰ ਸਿੰਘ ਦੇ ਹੱਕ ’ਚ ਪ੍ਰਚਾਰ ਕਰਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਖੰਨਾ ਵਿਖੇ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਜੱਮ ਕੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨ ਸਾਧੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਸਿਰਫ਼ ਅਮੀਰਾਂ ਨੂੰ ਫ਼ਾਇਦਾ ਪਹੁੰਚਾਇਆ ਹੈ। ਗ਼ਰੀਬਾਂ ਲਈ ਕੁਝ ਨਹੀਂ ਕੀਤਾ। ਮੋਦੀ ਦਾ ਗ਼ਰੀਬਾਂ ਦੇ ਖ਼ਾਤੇ ਵਿਚ 15-15 ਲੱਖ ਰੁਪਏ ਭੇਜਣ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ ਹੈ।

ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ (ਜੀਐਸਟੀ ਬਾਰੇ ਬੋਲਦੇ ਹੋਏ) ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਜੇ ਕਾਲੇ ਧਨ ਵਿਰੁਧ ਲੜਾਈ ਸੀ ਤਾਂ ਗਰੀਬ ਲੋਕ ਹੀ ਲਾਈਨਾਂ ਵਿਚ ਖੜ੍ਹੇ ਕਿਉਂ ਦਿਖਾਈ ਦਿਤੇ। ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ਗਰੀਬੀ ਦੇ ਡੂੰਘੇ ਪੱਧਰ ਤੋਂ ਉੱਚਾ ਚੁੱਕਣ ਲਈ ਉਨ੍ਹਾਂ ਅਰਥਸ਼ਾਸਤਰੀ ਬੁਲਾਏ ਤੇ ਨਿਆਂ ਸਕੀਮ ਬਣਾਈ। ਉਨ੍ਹਾਂ ਕਿਹਾ ਕਿ ਮੋਦੀ ਨੇ ਲੱਖਾਂ ਕਰੋੜ ਰੁਪਏ ਅਡਾਨੀ ਤੇ ਅੰਬਾਨੀ ਵਰਗੇ ਕਾਰੋਬਾਰੀਆਂ ਨੂੰ ਦੇ ਦਿਤੇ ਪਰ ਕਾਂਗਰਸ ਸਰਕਾਰ ਗਰੀਬਾਂ ਦੇ ਖ਼ਾਤਿਆਂ ਵਿਚ ਪੈਸਾ ਜ਼ਰੂਰ ਪਾਵੇਗੀ।

ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਫ਼ੈਸਲਾ ਕੀਤਾ ਹੈ ਕਿ 5 ਕਰੋੜ ਔਰਤਾਂ ਦੇ ਖ਼ਾਤਿਆਂ ਵਿਚ ਨਿਆਂ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪੰਜਾਬ ਸੂਬਾ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਹੈ। ਜਿੱਥੇ ਵੀ ਕਾਂਗਰਸ ਸਰਕਾਰ ਬਣੀ, ਉੱਥੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਪਰਾਲੇ ਕੀਤੇ ਗਏ ਹਨ ਤੇ ਕਰਜ਼ਾ ਮੁਆਫ਼ ਹੋਇਆ ਹੈ ਪਰ ਮੋਦੀ ਨੇ ਤਾਂ ਫ਼ਸਲਾਂ ਦਾ ਸਹੀ ਮੁੱਲ ਤੱਕ ਨਹੀਂ ਪਾਇਆ। ਇਸ ਦੌਰਾਨ ਰਾਹੁਲ ਗਾਂਧੀ ਨੇ ’84 ਦੇ ਕਤਲੇਆਮ ਸਬੰਧੀ ਸੈਮ ਪਿਤ੍ਰੋਦਾ ਦੇ ਵਿਵਾਦਤ ਬਿਆਨ ਬਾਰੇ ਕਿਹਾ ਕਿ ਸੈਮ ਦੀ ਟਿੱਪਣੀ ਗਲਤ ਸੀ।

ਪਿਤ੍ਰੋਦਾ ਨੂੰ ਅਜਿਹੀ ਟਿੱਪਣੀ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਇਸ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿਤ੍ਰੋਦਾ ਨੂੰ ਫ਼ੋਨ ਕਰਕੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।